
ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮਾਮਲਾ ਇਕ ਵਾਰ ਗਰਮਾਉਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਅਕਾਲ...
ਅੰਮ੍ਰਿਤਸਰ (ਭਾਸ਼ਾ) : ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮਾਮਲਾ ਇਕ ਵਾਰ ਗਰਮਾਉਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਮੇਤ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਭਾਈ ਰਾਜੋਆਣਾ ਦੀ ਰਿਹਾਈ ਸਬੰਧੀ ਚਾਰਾਜ਼ੋਈ ਕਰੇ, ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ।
ਕਿ ਭਾਈ ਰਾਜੋਆਣਾ ਦੀ ਰਿਹਾਈ ਸਬੰਧੀ ਪਾਈ ਗਈ ਅਪੀਲ ਨੂੰ ਸੱਤ ਸਾਲ ਦਾ ਸਮਾਂ ਹੋ ਚੁੱਕਾ ਹੈ, ਪਰ ਹਾਲੇ ਤਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਆਖਿਆ ਕਿ ਕੌਮੀ ਭਾਵਨਾ ਨੂੰ ਦੇਖਦਿਆਂ ਸ਼੍ਰ੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਗਿਆ ਕਿ ਉਹ ਰਾਸ਼ਟਰਪਤੀ ਕੋਲ ਪਹੁੰਚ ਕਰਕੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਦੀ ਰਿਹਾਈ ਲਈ ਯਤਨ ਕੀਤੇ ਜਾਣ। ਇਸ ਮੌਕੇ ਜਥੇਦਾਰ ਸਾਹਿਬਾਨ ਨੇ 1984 ਸਿੱਖ ਨਸਲਕੁਸ਼ੀ ਦੇ ਪੀੜਤ ਪਰਵਾਰਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਅਤੇ ਧਰਮੀ ਫ਼ੌਜੀਆਂ ਦੇ ਪਰਵਾਰਾਂ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲੈ ਕੇ ਉਚ ਪੱਧਰੀ ਸਮਾਂਬੱਧ ਰੀਪੋਰਟ ਤਿਆਰ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤਕ ਲਾਂਘਾ ਖੋਲ੍ਹਣ ਸਬੰਧੀ ਕੀਤੇ ਜਾ ਰਹੇ ਯਤਨਾਂ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਵੀ ਸ਼ਲਾਘਾ ਕੀਤੀ। ਦਸ ਦਈਏ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ 22 ਦਸੰਬਰ 1995 ਨੂੰ ਬੇਅੰਤ ਸਿੰਘ ਕਤਲ ਕੇਸ ਵਿਚ ਗ੍ਰਿਫ਼ਤਾਰੀ ਹੋਈ ਸੀ ਅਤੇ ਲਗਭਗ 12 ਸਾਲ ਦੀ ਲੰਬੀ ਅਦਾਲਤੀ ਪ੍ਰਕਿਰਿਆ ਤੋਂ ਬਾਅਦ 31 ਜੁਲਾਈ 2007 ਨੂੰ ਚੰਡੀਗੜ੍ਹ ਦੀ ਸ਼ੈਸ਼ਨ ਅਦਾਲਤ ਨੇ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿਤੀ ਸੀ।
ਜਿਸ ਨੂੰ ਭਾਈ ਰਾਜੋਆਣਾ ਨੇ ਸਵੀਕਾਰ ਕਰਦਿਆਂ ਹਾਈਕੋਰਟ 'ਚ ਅਪੀਲ ਤੋਂ ਇਨਕਾਰ ਕਰ ਦਿਤਾ ਸੀ, ਪਰ ਕੌਮ ਦੀ ਮੰਗ 'ਤੇ ਜਦੋਂ ਇਹ ਕੇਸ ਹਾਈਕੋਰਟ ਗਿਆ ਤਾਂ 11 ਅਕਤੂਬਰ 2010 ਨੂੰ ਹਾਈਕੋਰਟ ਨੇ ਵੀ ਉਸ ਸਜ਼ਾ ਨੂੰ ਬਰਕਰਾਰ ਰਖਿਆ। ਇਸੇ ਦੌਰਾਨ ਮਾਰਚ 2012 ਵਿਚ ਚੰਡੀਗੜ੍ਹ ਦੀ ਸੈਸ਼ਨ ਅਦਾਲਤ ਨੇ ਰਾਜੋਆਣਾ ਨੂੰ 31 ਮਾਰਚ 2012 ਨੂੰ 9:30 ਵਜੇ ਫਾਂਸੀ 'ਤੇ ਲਟਕਾਉਣ ਦਾ ਹੁਕਮ ਜਾਰੀ ਕਰ ਦਿਤਾ, ਪਰ ਭਾਰੀ ਵਿਰੋਧ ਅਤੇ ਰਾਸ਼ਟਰਪਤੀ ਦੇ ਦਖਲ਼ ਦੇ ਚਲਦਿਆਂ ਫਾਂਸੀ 'ਤੇ ਰੋਕ ਲੱਗ ਗਈ। ਇਸ ਤੋਂ ਬਾਅਦ ਸਿੱਖ ਸੰਸਥਾਵਾਂ ਨੇ ਉਸ ਦੀ ਰਿਹਾਈ ਦੀ ਅਪੀਲ ਪਾ ਦਿਤੀ ਸੀ। ਜਿਸ ਨੂੰ ਲਗਭਗ ਸੱਤ ਸਾਲ ਦਾ ਸਮਾਂ ਹੋ ਗਿਆ...ਪਰ ਹੁਣ ਦੇਖਣਾ ਹੋਵੇਗਾ ਕਿ ਭਾਈ ਰਾਜੋਆਣਾ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ??