
ਪਾਕਿਸਤਾਨ ਦੀ ਸਰਜ਼ਮੀਂ 'ਤੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹੇ ਜਾਣ ਦੇ ਮਾਮਲੇ 'ਤੇ ਚੱਲ ਰਹੀ....
ਡੇਰਾ ਬਾਬਾ ਨਾਨਕ (ਭਾਸ਼ਾ) : ਪਾਕਿਸਤਾਨ ਦੀ ਸਰਜ਼ਮੀਂ 'ਤੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹੇ ਜਾਣ ਦੇ ਮਾਮਲੇ 'ਤੇ ਚੱਲ ਰਹੀ ਸਿਆਸਤ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਪਾਰਟੀਆਂ ਨੂੰ ਇਸ 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ, ਜੋ ਕਿ ਹਾਸੋਹੀਣੀ ਜਾਪਦੀ ਹੈ। ਇਸ ਨੂੰ ਲੈ ਕੇ ਵਿਰੋਧੀਆਂ ਵਲੋਂ ਉਨ੍ਹਾਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹੈ...ਉਨ੍ਹਾਂ ਦਾ ਕਹਿਣੈ ਕਿ ਸਾਬਕਾ ਮੁੱਖ ਮੰਤਰੀ 'ਤੇ ਇਹ ਕਹਾਵਤ ਸਹੀ ਢੁਕਦੀ ਹੈ ਕਿ ''ਛੱਜ ਤਾਂ ਬੋਲੇ,ਛਾਨਣੀ ਕਿਉਂ ਬੋਲੇ?''
Parkash Singh Badal & Sukhbir Singh Badal
ਵਿਰੋਧੀਆਂ ਦਾ ਕਹਿਣੈ ਕਿ ਖ਼ੁਦ ਧਰਮ ਦੇ ਨਾਂ 'ਤੇ ਸਿਆਸਤ ਕਰਕੇ ਅਪਣੀ ਰਾਜਨੀਤੀ ਚਮਕਾਉਣ ਵਾਲੇ ਬਾਦਲ ਸਾਬ੍ਹ ਦੀ ਇਸ ਅਪੀਲ ਪਿਛੇ ਵੀ ਇਕ ਸਿਆਸਤ ਛੁਪੀ ਹੋਈ ਹੈ। ਕਿਉਂਕਿ ਇਸ ਸਮੇਂ ਅਕਾਲੀ ਦਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਇਕ ਤੋਂ ਇਕ ਝਟਕੇ ਅਕਾਲੀ ਦਲ ਨੂੰ ਲੱਗ ਰਹੇ ਹਨ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਜਦੋਂ ਅਕਾਲੀ ਦਲ ਨੂੰ ਕੁੱਝ ਹੱਥ ਪੱਲੇ ਪੈਂਦਾ ਨਜ਼ਰ ਨਹੀਂ ਆ ਰਿਹੈ, ਤਾਂ ਬਾਦਲ ਸਾਬ੍ਹ ਦੂਜਿਆਂ ਨੂੰ ਅਜਿਹੀਆਂ ਅਪੀਲਾਂ ਕਰ ਰਹੇ ਹਨ। ਵਿਰੋਧੀਆਂ ਦਾ ਕਹਿਣੈ
Parkash Singh Badal
ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਸਾਬ੍ਹ ਨੇ ਰਾਸ਼ਨ ਕਾਰਡਾਂ ਤੋਂ ਲੈ ਕੇ ਐਂਬੂਲੈਂਸਾਂ ਤਕ ਅਪਣੀ ਤਸਵੀਰ ਚਮਕਾ ਦਿਤੀ ਸੀ, ਕੀ ਉਹ ਸਿਆਸਤ ਨਹੀਂ ਸੀ? ਕਰਤਾਰਪੁਰ ਲਾਂਘੇ 'ਤੇ ਸਿਆਸਤ ਖ਼ੁਦ ਅਕਾਲੀ ਦਲ ਕਰ ਰਿਹੈ ਅਤੇ ਸਲਾਹਾਂ ਦੂਜਿਆਂ ਨੂੰ ਦਿਤੀਆਂ ਜਾ ਰਹੀਆਂ ਹਨ। ਕਿਸੇ ਸਮੇਂ ਸਰਦਾਰ ਬਾਦਲ ਦੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਜਾਣ ਨੂੰ ਲੈ ਕੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਦੀ ਹੋਈ ਉਸ ਨੂੰ 'ਗੱਦਾਰ' ਤਕ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਸੀ
Parkash Singh Badal
ਪਰ ਹੁਣ ਜਦੋਂ ਸੱਚਮੁੱਚ ਲਾਂਘਾ ਖੋਲ੍ਹੇ ਜਾਣ ਦੀ ਤਿਆਰੀ ਹੋ ਗਈ ਹੈ ਤਾਂ ਬਾਦਲ ਸਾਬ੍ਹ ਨੇ ਕਥਿਤ ਤੌਰ 'ਤੇ ਪਾਕਿ ਜਾਣ ਵਾਲਿਆਂ ਦੀ ਸੂਚੀ 'ਚ ਅਪਣੀ ਨੂੰਹ ਦਾ ਨਾਮ ਪਵਾ ਲਿਆ, ਕੀ ਇਹ ਸਿਆਸਤ ਨਹੀਂ? ਇਸੇ ਤਰ੍ਹਾਂ ਅਕਾਲੀਆਂ ਵਲੋਂ ਹਰ ਵਾਰ ਅਪਣੀਆਂ ਰੈਲੀਆਂ ਵਿਚ ਜ਼ੋਰ ਸ਼ੋਰ ਨਾਲ ਆਖਿਆ ਜਾਂਦੈ ਕਿ ਅਕਾਲੀ ਦਲ ਨੇ ਇਹ ਕੀਤਾ, ਅਕਾਲੀ ਦਲ ਨੇ ਉਹ ਕੀਤਾ, ਸਿੱਖ ਯਾਦਗਾਰਾਂ ਬਣਵਾਈਆਂ, ਜਦੋਂ ਕੀਤਾ ਹੋਇਆ ਸਭ ਨੂੰ ਦਿਖਾਈ ਦਿੰਦਾ ਹੈ ਤਾਂ ਫਿਰ ਇਸ 'ਤੇ ਵਾਰ-ਵਾਰ ਢਿੰਡੋਰਾ ਕਿਉਂ ਪਿੱਟਿਆ ਜਾਂਦੈ ਹੈ ਤਾਂ ਕਿ ਹੋਰ ਪਾਰਟੀਆਂ ਨੂੰ ਨੀਵਾਂ ਦਿਖਾ ਸਕੇ, ਕੀ ਇਹ ਸਿਆਸਤ ਨਹੀਂ??? ਖ਼ੈਰ ਬਿਆਨਬਾਜ਼ੀਆਂ ਚਾਹੇ ਜੋ ਮਰਜ਼ੀ ਹੋਈ ਜਾਣ, ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਖ਼ੁਦ ਹੀ ਪਤਾ ਚੱਲ ਜਾਏਗਾ ਕਿ ਕੌਣ ਸਿਆਸਤ ਕਰ ਰਿਹਾ ਸੀ ਜਾਂ ਕੌਣ ਨਹੀਂ?