
ਦੱਸ ਦਈਏ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਸਾਰੇ ਮੁਲਜ਼ਮ ਲੁਧਿਆਣਾ ਅਦਾਲਤ ‘ਚ ਪੇਸ਼ ਹੋਏ ਸਨ।
ਲੁਧਿਆਣਾ: ਬਹੁਚਰਚਿਤ ਤੇ ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ‘ਚ ਅੱਜ ਲੁਧਿਆਣਾ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਸਾਰੇ ਮੁਲਜ਼ਮ ਲੁਧਿਆਣਾ ਅਦਾਲਤ ‘ਚ ਪੇਸ਼ ਹੋਏ ਸਨ।
ludhiana City centre scam
ਕੀ ਸੀ ਮਾਮਲਾ?
ਦਰਅਸਲ ਸਤੰਬਰ, 2006 ‘ਚ ਇਸ ਮਾਮਲੇ ‘ਚ ਭ੍ਰਿਸ਼ਟਾਚਾਰ ਦੀ ਗੱਲ ਸਾਹਮਣੇ ਆਈ ਸੀ। ਇਸ ਦੌਰਾਨ ਕੈਪਟਨ ਦੀ ਸਰਕਾਰ ਸੀ। ਉਸ ਤੋਂ ਬਾਅਦ ਮਾਮਲੇ ਦੀ ਜਾਂਚ 2007 ‘ਚ ਸ਼ੁਰੂ ਹੋਈ ਅਤੇ ਸੱਤਾ ਬਦਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ, ਜਿਸ ‘ਚ ਕੈਪਟਨ ਤੋਂ ਇਲਾਵਾ ਹੋਰਨਾਂ ਮੁਲਜ਼ਮਾਂ ਦੇ ਨਾਮ ਵੀ ਸ਼ਾਮਲ ਸਨ। ਲੁਧਿਆਣਾ ‘ਚ ਸਿਟੀ ਸੈਂਟਰ ਪ੍ਰੋਜੈਕਟ ਬਣਾਉਣ ਦੀ ਯੋਜਨਾ 1979 ‘ਚ ਬਣਾਈ ਗਈ ਸੀ।
ਇਸ ਦੇ ਲਈ 26.44 ਏਕੜ ਭੂਮੀ ਰਾਖਵੀਂ ਰੱਖੀ ਗਈ ਸੀ ਪਰ ਇਹ ਪ੍ਰੋਜੈਕਟ ਕਈ ਸਾਲ ਲਟਕਣ ਤੋਂ ਬਾਅਦ 2005 ‘ਚ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਤਹਿਤ ਤਿਆਰ ਕਰਨ ਦਾ ਫੈਸਲਾ ਲਿਆ ਗਿਆ ਸੀ। 13 ਸਾਲਾਂ ਬਾਅਦ ਇਸ ਪ੍ਰੋਜੈਕਟ ਤਹਿਤ ਹੋਇਆ ਨਿਰਮਾਣ ਹੁਣ ਖੰਡਰ ਦਾ ਰੂਪ ਧਾਰ ਚੁੱਕਾ ਹੈ। ਵਿਜਿਲੈਂਸ ਜਾਂਚ ਅਨੁਸਾਰ ਕੈਪਟਨ ਤੇ ਬਾਕੀ 32 ਮੁਲਜ਼ਮਾਂ ਨੇ ਪ੍ਰਾਈਵੇਟ ਬਿਲਡਰ ਟੂਡੇ ਹੋਮਜ਼ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਖਜ਼ਾਨੇ ਨੂੰ 1144 ਕਰੋੜ ਰੁਪਏ ਦਾ ਚੂਨਾ ਲਾਇਆ ਸੀ।
ludhiana City centre scam
ਲੁਧਿਆਣਾ ਇੰਮਪਰੂਵਮੈਂਟ ਟਰੱਸਟ ਨੇ ਸ਼ਾਪਿੰਗ ਮਾਲ, ਮਲਟੀਪਲੈਕਸ, ਤੇ ਰਿਹਾਇਸ਼ੀ ਆਪਰਟਮੈਂਟ ਤੇ ਹੈਲੀਪੈਡ ਲਈ 25 ਏਕੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਲੁਧਿਆਣਾ ਵਿੱਚ ਪੱਖੋਵਾਲ ਰੋਡ 'ਤੇ ਇਹ ਪ੍ਰੋਜੈਕਟ ਤਿਆਰ ਹੋਣਾ ਸੀ। ਮਾਮਲੇ ਵਿੱਚ ਕੁੱਲ ਮੁਲਜ਼ਮ 36 ਸੀ ਜਿਨ੍ਹਾਂ ਵਿੱਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਕੈਪਟਨ ਪਿਛਲੇ ਦਿਨਾਂ ਤੋਂ ਵਿਦੇਸ਼ ਦੌਰੇ ‘ਤੇ ਸਨ ਅਤੇ ਉਹ ਕੱਲ ਹੀ ਵਾਪਸ ਭਾਰਤ ਪਰਤੇ ਸਨ। ਉਹ ਅੱਜ ਹੋਰਨਾ ਮੁਲਜ਼ਮਾਂ ਸਮੇਤ ਲੁਧਿਆਣਾ ਅਦਾਲਤ ‘ਚ ਪੇਸ਼ ਹੋਏ ਸਨ ਅਤੇ ਉਹਨਾਂ ਸਮੇਤ ਬਾਕੀ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।