
ਪੰਜਾਬੀ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਵਾਰਸ ਹੋਣ ਦਾ ਦਿਤਾ ਸਬੂਤ
ਚੰਡੀਗੜ੍ਹ : ਦਿੱਲੀ ਕੂਚ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਕਿਸਾਨੀ ਸੰਘਰਸ਼ ਫ਼ੈਸਲਾਕੁੰਨ ਦੌਰ ’ਚ ਪਹੁੰਚ ਗਿਆ ਹੈ। ਕੱਲ੍ਹ ਤਕ ਕਿਸਾਨੀ ਅੰਦੋਲਨ ਨੂੰ ਸ਼ਹਿਰੀ ਨਕਸਲਵਾਦ, ਖ਼ਾਲਿਸਤਾਨ ਅਤੇ ਕਾਂਗਰਸ ਪ੍ਰੇਰਿਤ ਕਹਿਣ ਵਾਲੇ ਸਿਆਸਤਦਾਨਾਂ ਦੀ ਜ਼ੁਬਾਨ ਵੀ ਹੁਣ ਥਥਲਾਉਣ ਲੱਗੀ ਹੈ। ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਤੋਂ ਬਾਅਦ ਦੇਸ਼ ਦਾ ਰਾਸ਼ਟਰੀ ਮੀਡੀਆ ਵੀ ਨੀਂਦ ਤੋਂ ਜਾਗਿਆ ਹੈ। ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚੇ ਕਿਸਾਨੀ ਸੰਘਰਸ਼ ਨੂੰ ਰਾਸ਼ਟਰੀ ਮੀਡੀਆ ਦੀ ਵੱਡੀ ਕਵਰੇਜ ਮਿਲੀ ਹੈ। ਅੱਜ ਸਾਰਾ ਦਿਨ ਰਾਸ਼ਟਰੀ ਚੈਨਲਾਂ ’ਤੇ ਵੀ ਕਿਸਾਨਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਭਾਵੇਂ ਸ਼ੁਰੂਆਤ ’ਚ ਕਿਸਾਨੀ ਸੰਘਰਸ਼ ਪਿਛੇ ਕਿਸੇ ਹੋਰ ਦਾ ਦਿਮਾਗ਼ ਹੋਣ ਵਰਗੀਆਂ ਗੱਲਾਂ ਵੀ ਉਭਰੀਆਂ ਪਰ ਕਿਸਾਨੀ ਸੰਘਰਸ਼ ’ਚ ਹਰ ਵਰਗ ਦੀ ਸ਼ਮੂਲੀਅਤ ਅਤੇ ਖ਼ਾਸ ਕਰ ਕੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ ਵਿਚੋਂ ਵੀ ਕਿਸਾਨਾਂ ਦੇ ਦਿੱਲੀ ਵੱਲ ਕੂਚ ਦੀਆਂ ਖ਼ਬਰਾਂ ਆਉਣ ਬਾਅਦ ਹਵਾ ਦਾ ਰੁਖ ਬਦਲ ਗਿਆ।
Delhi March
ਕਿਸਾਨਾਂ ਦੇ ਸੰਘਰਸ਼ ਨੂੰ ਕੈਪਟਨ ਸਰਕਾਰ ਦੀ ਸ਼ਹਿ ਪ੍ਰਾਪਤ ਕਹਿਣ ਵਾਲੀਆਂ ਸਿਆਸੀ ਧਿਰਾਂ ਦਾ ਮੂੰਹ ਵੀ ਹਰਿਆਣਾ ਦੇ ਕਿਸਾਨਾਂ ਨੇ ਬੰਦ ਕਰ ਦਿਤਾ ਹੈ। ਇਕ ਪਾਸੇ ਜਿੱਥੇ ਪੰਜਾਬ ਦੇ ਕਿਸਾਨ ਹਰਿਆਣਾ ਅੰਦਰ ਦਾਖ਼ਲ ਹੋਣ ਲਈ ਵੱਡੀਆਂ ਰੋਕਾਂ ਨੂੰ ਹਟਾ ਰਹੇ ਸਨ, ਉਥੇ ਹਰਿਆਣਾ ਅੰਦਰ ਮੌਜੂਦ ਬਹੁਤੇ ਨਾਕਿਆਂ ਨੂੰ ਹਰਿਆਣਾ ਦੇ ਕਿਸਾਨਾਂ ਨੇ ਤਹਿਸ-ਨਹਿਸ਼ ਕਰਦਿਆਂ ਦਿੱਲੀ ਵੱਲ ਅਗੇਤਾ ਕੂਚ ਕੀਤਾ। ਕਈ ਥਾਈ ਸਥਾਨਕ ਕਿਸਾਨਾਂ ਨੇ ਅਪਣੀਆਂ ਫ਼ਸਲਾਂ ਵਿਚੋਂ ਲਾਘਾ ਦੇ ਕੇ ਭਾਈਚਾਰਕ ਸਾਂਝ ਦਾ ਸਬੂਤ ਦਿਤਾ ਹੈ।
Delhi March
ਕਿਸਾਨਾਂ ਨੂੰ ਮਿਲੇ ਹਰ ਵਰਗ ਦੇ ਸਾਥ ਨੇ ਇਸ ਨੂੰ ਇਤਿਹਾਸਕ ਬਣਾ ਦਿਤਾ ਹੈ। ਕਿਸਾਨਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਹਰ ਧਰਮ ਅਤੇ ਵਰਗ ਦੇ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ। ਕਿਸਾਨ ਖੁਦ ਵੀ ਕਈ ਮਹੀਨਿਆਂ ਦਾ ਲੰਗਰ ਨਾਲ ਲੈ ਕੇ ਤੁਰੇ ਹਨ। ‘ਆਪ’ ਆਗੂ ਭਗਵੰਤ ਮਾਨ ਤੋਂ ਇਲਾਵਾ ਹੋਰ ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਦਿੱਲੀ ਅੰਦਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਣ ਦੇਣ ਦੀ ਗੱਲ ਕਹੀ ਹੈ।
Delhi March
ਇਸੇ ਤਰ੍ਹਾਂ ਦੇਸ਼ ਭਰ ’ਚੋਂ ਸੰਘਰਸ਼ੀ ਸ਼ਖ਼ਸੀਅਤਾਂ ਕਿਸਾਨਾਂ ਦੇ ਘੋਲ ’ਚ ਸ਼ਾਮਲ ਹੋ ਗਈਆਂ ਹਨ। ਸੰਘਰਸ਼ੀ ਕਿਸਾਨਾਂ ਦਾ ਅੰਮਿ੍ਰਤਸਰ ਤੋਂ ਦਿੱਲੀ ਤਕ ਥਾਂ-ਥਾਂ ਸਥਾਨਕ ਲੋਕਾਂ ਨੇ ਭਰਵਾਂ ਸਾਥ ਦਿਤਾ ਹੈ। ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਕਹਿਣ ਵਾਲੇ ਮੋਦੀ ਭਗਤਾਂ ਦੀ ਖੇਡ ਵੀ ਪੁੱਠੀ ਪੈ ਗਈ ਹੈ। ਕਈ ਥਾਈ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਸਾਹਮਣੇ ਭਾਜਪਾ ਦੇ ਬੁਲਾਰੇ ਲਾਜਵਾਬ ਵਿਖਾਈ ਦਿਤੇ।
Delhi March
ਕਿਸਾਨਾਂ ਦੇ ਸੰਘਰਸ਼ ਨੂੰ ਖਾਲਿਸਤਾਨ, ਨਕਸਲਵਾਦ ਅਤੇ ਸਿਆਸੀ ਸ਼ਹਿ-ਪ੍ਰਾਪਤ ਪ੍ਰਚਾਰਨ ਵਾਲੇ ਮੋਦੀ ਭਗਤਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਕਿਸਾਨਾਂ ਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਮਦ ਨੇ ਇਸ ਨੂੰ ਇਕ ਖਿੱਤੇ ਦੇ ਕਿਸਾਨਾਂ ਦਾ ਸੰਘਰਸ਼ ਪ੍ਰਚਾਰਨ ਦੀ ਕੇਂਦਰ ਦੀ ਕੋਸ਼ਿਸ਼ ਅਸਫ਼ਲ ਸਾਬਤ ਕਰ ਦਿਤੀ ਹੈ। ਦਿਉ-ਕੱਦ ਹਕੂਮਤੀ ਰੋਕਾਂ ਕਿਸਾਨਾਂ ਦੇ ਜੋਸ਼ ਸਾਹਮਣੇ ਤਾਸ਼ ਦੇ ਪੱਤਿਆਂ ਵਾਂਗ ਖਿੱਡ ਗਈਆਂ ਹਨ। ਕਿਸਾਨੀ ਸੰਘਰਸ਼ ਨੇ ਹਕੂਮਤਾਂ ਦੀਆਂ ਸ਼ਹਿ-ਪ੍ਰਾਪਤ ਕਾਰਪੋਰੇਟ ਘਰਾਣਿਆਂ ਨੂੰ ਵੀ ਉਨ੍ਹਾਂ ਦੀ ਔਕਾਤ ਚੇਤੇ ਕਰਵਾ ਦਿਤੀ ਹੈ। ਹਕੂਮਤੀ ਗਠਜੋੜ ਜ਼ਰੀਏ ਲੋਕਾਂ ਦੀਆਂ ਜ਼ਮੀਨਾਂ ਅਤੇ ਹੋਰ ਕੁਦਰਤੀ ਸਾਧਨਾਂ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟੇ ਵੱਡੇ ਕਾਰਪੋਰੇਟਾਂ ਨੂੰ ਵੀ ਲੋਕਾਂ ਦੀ ਤਾਕਤ ਦਾ ਅਹਿਸਾਸ ਹੋ ਗਿਆ ਹੈ।
Delhi March
ਪੰਜਾਬੀ ਨੌਜਵਾਨਾਂ ਨੇ ਜਿਸ ਹੋਸ਼ ਅਤੇ ਜੋਸ਼ ਨਾਲ ਵੱਡੀਆਂ ਹਕੂਮਤੀ ਰੋਕਾਂ ਨੂੰ ਪਾਰ ਕੀਤਾ ਹੈ, ਉਸ ਨੇ ਦੇਸ਼ ਦੀ ਨੌਜਵਾਨਾਂ ਅੰਦਰ ਛੁਪੇ ਸੰਘਰਸ਼ੀ ਜਲੋਅ ਨੂੰ ਜੱਗ-ਜਾਹਰ ਕਰ ਦਿਤਾ ਹੈ। ਜਲ ਤੋਪਾਂ ਸਾਹਮਣੇ ਭੰਗੜਾ ਪਾ ਰਹੇ ਨੌਜਵਾਨ ਨੇ ‘‘ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ’’ ਜਿਹੇ ਸੰਘਰਸ਼ੀ ਜਜ਼ਬੇ ਨੂੰ ਉਜਾਗਰ ਕਰ ਵਿਖਾਇਆ ਹੈ। ਪੰਜਾਬੀ ਨੌਜਵਾਨਾਂ ਨੇ ਜੋਸ਼, ਜਜ਼ਬੇ ਅਤੇ ਦਿ੍ਰੜ੍ਹ ਇਰਾਦਿਆਂ ਦਾ ਪ੍ਰਗਟਾਵਾ ਕਰ ਸ਼ਹੀਦ ਭਗਤ ਸਿੰਘ ਦੇ ਅਸਲੀ ਵਾਰਿਸ ਹੋਣ ਦਾ ਸਬੂਤ ਦਿਤਾ ਹੈ। ਇਹ ਪੰਜਾਬੀ ਨੌਜਵਾਨਾਂ ਨੂੰ ਨਸ਼ਈ ਅਤੇ ਕੰਮ-ਚੋਰ ਕਹਿਣ ਵਾਲਿਆਂ ਦੇ ਮੂੰਹ ’ਤੇ ਵੀ ਕਰਾਰੀ ਚਪੇੜ ਵਾਂਗ ਹੈ।
Delhi March
ਕਿਸਾਨੀ ਸੰਘਰਸ਼ ’ਚ ਪੰਜਾਬੀ ਨੌਜਵਾਨਾਂ ਦੀ ਲਾਮਬੰਦੀ ਨੇ ਸਾਬਤ ਕਰ ਦਿਤਾ ਹੈ ਕਿ ਹੁਣ ਪੰਜਾਬ ਦੇ ਨੌਜਵਾਨ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਕਿਸੇ ਵੀ ਸਿਆਸੀ ਧਿਰ ਤੋਂ ਉਸ ਆਪਹੁਦਰੀਆਂ ਲਈ ਸਵਾਲ ਪੁਛਣ ਦੀ ਹਿੰਮਤ ਰੱਖਦੇ ਹਨ। ਇਸ ਤੋਂ ਪਹਿਲਾਂ ਕਰੋਨਾ ਕਾਲ ਦੌਰਾਨ ਕਣਕ ਦੀ ਵਾਂਢੀ ਅਤੇ ਝੋਨੇ ਦੀ ਲਵਾਈ ਵੇਲੇ ਵੀ ਪੰਜਾਬੀ ਨੌਜਵਾਨ ਅਪਣੀ ਦਿ੍ਰੜ੍ਹਤਾ ਦਾ ਸਬੂਤ ਦੇ ਚੁੱਕੇ ਹਨ। ਹੁਣ ਕਿਸਾਨੀ ਸੰਘਰਸ਼ ’ਚ ਉਨ੍ਹਾਂ ਵਲੋਂ ਵਿਖਾਈ ਗਈ ਦਲੇਰੀ ਵਿਚੋਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਤਸਵੀਰ ਦਿਖਣ ਲੱਗੀ ਹੈ।