
ਦਿੱਲੀ ਵਲ ਜਾਂਦੀਆਂ ਬੀਬੀਆਂ ਦਾ ਜੋਸ਼ ਵਧਾ ਰਿਹੈ ਕਿਸਾਨੀ ਸੰਘਰਸ਼ ਦੀ ਤਾਕਤ
ਸੰਘਰਸ਼ ਦੌਰਾਨ ਮਰਨ ਲਈ ਵੀ ਤਿਆਰ ਹਨ ਬੀਬੀਆਂ
ਖਨੌਰੀ, 26 ਨਵੰਬਰ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਦਾ ਹਰ ਵਰਗ ਯੋਗਦਾਨ ਦੇ ਰਿਹਾ ਹੈ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਵਲੋਂ ਵਧ ਚੜ੍ਹ ਕੇ ਕਿਸਾਨੀ ਸੰਘਰਸ਼ਾਂ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨਾਂ ਦੇ 'ਦਿੱਲੀ ਚਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਕਿਸਾਨ ਭਾਰੀ ਗਿਣਤੀ ਵਿਚ ਦਿੱਲੀ ਰਵਾਨਾ ਹੋਣ ਲਈ ਤਿਆਰ ਹਨ।
ਇਨ੍ਹਾਂ ਦਾ ਸਾਥ ਦੇਣ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਬਜ਼ੁਰਗ ਬੀਬੀਆਂ ਵੀ ਪਹੁੰਚ ਰਹੀਆਂ ਹਨ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਬੀਤੇ ਦਿਨ ਕਿਸਾਨ ਖਨੌਰੀ ਬਾਰਡਰ 'ਤੇ ਇਕੱਠੇ ਹੋਏ। ਇਥੇ ਕਿਸਾਨਾਂ ਦੇ ਨਾਲ-ਨਾਲ ਬਜ਼ੁਰਗ ਬੀਬੀਆਂ ਨੇ ਵੀ ਮੋਰਚਾ ਸੰਭਾਲਿਆ। ਧਰਨੇ ਦਾ ਹਿੱਸਾ ਬਣੀਆਂ ਬੀਬੀਆਂ ਵਿਚ ਕਾਫ਼ੀ ਜੋਸ਼ ਵੇਖਿਆ ਜਾ ਰਿਹਾ ਹੈ। ਬੀਬੀਆਂ ਦਾ ਇਹੀ ਜੋਸ਼ ਕਿਸਾਨੀ ਸੰਘਰਸ਼ ਦੀ ਤਾਕਤ ਬਣ ਰਿਹਾ ਹੈ। ਬੀਬੀਆਂ ਦਾ ਕਹਿਣਾ ਹੈ ਕਿ ਹੁਣ ਉਹ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸ ਪਰਤਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਅਪਣੀ ਜਾਨ ਵੀ ਦੇਣੀ ਪਈ ਤਾਂ ਉਹ ਤਿਆਰ ਹਨ।
ਬਾਰਡਰ 'ਤੇ ਚਲ ਰਹੇ ਧਰਨੇ ਵਿਚ ਬੀਬੀਆਂ ਨੇ ਲੰਗਰ ਦੀ ਸੇਵਾ ਵੀ ਕੀਤੀ। ਇਨ੍ਹਾਂ ਬੀਬੀਆਂ ਦੀ ਉਮਰ 65 ਸਾਲ ਤੋਂ ਉਪਰ ਹੈ। ਇਕ 70 ਸਾਲ ਦੀ ਬਜ਼ੁਰਗ ਮਾਤਾ ਨੇ ਦਸਿਆ ਕਿ ਉਸ ਨੇ ਅਪਣੇ ਜੀਵਨ ਵਿਚ ਇਹੋ ਜਿਹੇ ਹਾਲਾਤ ਕਦੇ ਨਹੀਂ ਦੇਖੇ। ਉਨ੍ਹਾਂ ਕਿਹਾ ਕਿ ਉਹ ਲਗਭਗ ਢਾਈ ਮਹੀਨੇ ਤੋਂ ਸੜਕਾਂ 'ਤੇ ਰੁਲ ਰਹੇ ਹਨ। ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਬੀਬੀਆਂ ਦਾ ਕਹਿਣਾ ਹੈ ਕਿ ਲੜਾਈ ਬਹੁਤ ਲੰਬੀ ਹੈ ਪਰ ਅਸੀਂ ਲੜਾਂਗੇ, ਜਿਵੇਂ ਮਾਈ ਭਾਗੋ ਨੇ ਜੰਗ ਫ਼ਤਿਹ ਕੀਤੀ ਸੀ, ਉਸੇ ਤਰ੍ਹਾਂ ਉਹ ਵੀ ਜੰਗ ਫ਼ਤਿਹ ਕਰਨਗੀਆਂ। ਬੀਬੀਆਂ ਨੇ ਦਸਿਆ ਕਿ ਉਹ ਅਪਣੇ ਘਰ ਵਿਚ ਦਾਣਾ-ਪਾਣੀ ਪੂਰਾ ਕਰ ਕੇ ਆਈਆਂ ਹਨ ਤੇ ਅਪਣੇ ਬੱਚਿਆਂ ਨੂੰ ਕਹਿ ਕੇ ਆਈਆਂ ਹਨ ਕਿ ਹੁਣ ਉਦੋਂ ਹੀ ਵਾਪਸ ਆਉਣਗੀ
ਆਂ ਜਦੋਂ ਕਾਨੂੰਨ ਰੱਦ ਹੋਣਗੇ। ਰੋਸ ਵਿਚ ਆਈਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਜੰਮ ਕੇ ਝਾੜ ਪਾਈ।
image