
ਅਕਾਲੀ ਦਲ ਸਾਫ਼ ਸੁਥਰੀ ਨਵੀਂ ਲੀਡਰਸ਼ਿਪ ਤੋਂ ਵਾਂਝਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਬਾਦਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਬੀਬੀ ਜਗੀਰ ਕੌਰ ਵਰਗੀ ਕਥਿਤ ਦਾਗ਼ੀ ਆਗੂ ਨੂੰ ਐਸ.ਜੀ.ਪੀ.ਸੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਖੁਲਾਸਾ ਹੁੰਦਾ ਹੈ ਕਿ ਅਕਾਲੀ ਦਲ ਸਾਫ਼ ਸੁਥਰੀ ਨਵੀਂ ਲੀਡਰਸ਼ਿਪ ਤੋਂ ਵਾਂਝਾ ਹੈ ਜੋ ਕਿ ਸਿਆਸੀ ਦੀਵਾਲੀਆਪੁਣੇ ਕਰ ਕੇ ਐਸ.ਜੀ.ਪੀ.ਸੀ ਦੇ ਮੁੱਖੀ ਵਜੋਂ ਇਕ ਸਤਿਕਾਰਯੋਗ ਸਿੱਖ ਚਿਹਰਾ ਲੱਭਣ ਵਿਚ ਅਸਫ਼ਲ ਰਿਹਾ ਹੈ।
Bibi Jagir Kaur
ਖਹਿਰਾ ਨੇ ਕਿਹਾ ਕਿ ਇਥੇ ਇਹ ਦੱਸਣਾ ਬਣਦਾ ਹੈ ਕਿ ਬੀਬੀ ਜਗੀਰ ਕੌਰ ਨੂੰ ਬਹੁਚਰਚਿਤ ਹਰਪ੍ਰੀਤ ਕੌਰ ਕਤਲ ਕਾਂਡ ਕਰ ਕੇ ਐਸ.ਜੀ.ਪੀ.ਸੀ ਦੀ ਪ੍ਰਧਾਨਗੀ ਤੋਂ ਹੱਟਣਾ ਪਿਆ ਸੀ, ਜਿਸ ਵਿਚ ਨਾ ਸਿਰਫ ਉਹ ਅਪਣੀ ਬੇਟੀ ਨੂੰ ਕਤਲ ਕਰਨ ਦੀ ਮੁਲਜ਼ਮ ਸੀ, ਸਗੋਂ ਅਗ਼ਵਾ ਕਰਨ ਦੇ ਨਾਲ-ਨਾਲ ਜਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ ’ਚ ਵੀ ਫਸੇ ਹੋਏ ਸੀ। ਖਹਿਰਾ ਨੇ ਕਿਹਾ ਕਿ ਭਾਂਵੇ ਅਪਣੇੇ ਅਤੇ ਅਪਣੇ ਸਿਆਸੀ ਆਕਾਵਾਂ ਬਾਦਲ ਪਰਵਾਰ ਦੇ ਸਿਆਸੀ ਪ੍ਰਭਾਵ ਕਾਰਨ ਉਹ ਬੱਚ ਗਈ ਪਰੰਤੂ ਅੱਜ ਵੀ ਸਿੱਖ ਕੌਮ ਉਸ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਦੀ ਹੈ।
sukhpal singh khaira
ਖਹਿਰਾ ਨੇ ਕਿਹਾ ਕਿ ਇਹ ਤੱਥ ਹੈ ਕਿ ਸੀ.ਬੀ.ਆਈ ਨੇ ਬੀਬੀ ਜਗੀਰ ਕੌਰ ਅਤੇ ਹੋਰਨਾਂ ਨੂੰ ਬਰੀ ਕੀਤੇ ਜਾਣ ਵਿਰੁਧ ਸੁਪਰੀਮ ਕੋਰਟ ਵਿਚ ਅਪੀਲ ਨਹੀਂ ਕੀਤੀ ਪਰੰਤੂ ਬੀਬੀ ਜਗੀਰ ਕੌਰ ਵਿਰੁਧ ਸ਼ਿਕਾਇਤਕਰਤਾ ਕਮਲਜੀਤ ਸਿੰਘ ਨੇ ਬੀਬੀ ਜਗੀਰ ਕੌਰ ਅਤੇ ਹੋਰਨਾਂ ਵਿਰੁਧ ਅਪਰਾਧਕ ਅਪੀਲਾਂ ਦਾਇਰ ਕੀਤੀਆਂ ਹੋਈਆਂ ਹਨ। ਖਹਿਰਾ ਨੇ ਕਿਹਾ ਕਿ ਉਕਤ ਅਪਰਾਧਕ ਅਪੀਲਾਂ ਸੁਪਰੀਮ ਕੋਰਟ ਵਿਚ ਕਮਲਜੀਤ ਸਿੰਘ ਵਿਰੁਧ ਬੀਬੀ ਜਗੀਰ ਕੌਰ ਅਤੇ ਹੋਰ ਅਪਰਾਧਕ ਅਪੀਲਾਂ ਪੈਡਿੰਗ ਹਨ ਜਿਨ੍ਹਾਂ ਵਿਚ ਸਾਰੇ ਮੁਲਜ਼ਮਾਂ ਨੂੰ ਰਜਿਸਟਰਾਰ ਵਲੋਂ ਨੋਟਿਸ ਸਰਵ ਕੀਤੇ ਜਾ ਚੁੱਕੇ ਹਨ ਅਤੇ ਮਾਮਲਾ/ਅਪੀਲ ਜਲਦ ਹੀ ਸੁਪਰੀਮ ਕੋਰਟ ਵਲੋਂ ਸੁਣੀ ਜਾਵੇਗੀ।
Sukhpal Singh Khaira
ਖਹਿਰਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਵਿਰੁਧ ਅਪਰਾਧਕ ਕਾਰਵਾਈਆਂ ਤੋਂ ਇਲਾਵਾ ਬੀਬੀ ਜਗੀਰ ਕੌਰ ’ਤੇ ਨਗਰ ਪੰਚਾਇਤ ਬੇਗੋਵਾਲ ਦੀ 100 ਕਰੋੜ ਰੁਪਏ ਤੋਂ ਵੱਧ ਦੀ ਬੇਸ਼ਕੀਮਤੀ ਜ਼ਮੀਨ ’ਤੇ ਨਾਜਾਇਜ ਕਬਜ਼ਾ ਕਰਨ ਦੇ ਵੀ ਇਲਜ਼ਾਮ ਹਨ ਜਿਨ੍ਹਾਂ ਵਿਰੁਧ 2011 ਤੋਂ ਲੋਕਪਾਲ ਪੰਜਾਬ ਦਫ਼ਤਰ ਵਿਚ ਸ਼ਿਕਾਇਤ ਵਿਚਾਰ ਅਧੀਨ ਹੈ। ਖਹਿਰਾ ਨੇ ਕਿਹਾ ਕਿ ਕਿਉਂਕਿ ਬੀਬੀ ਜਗੀਰ ਕੌਰ ਪਿਛਲੀ ਬਾਦਲ ਸਰਕਾਰ ਵਿਚ ਸਿਆਸੀ ਅਸਰ ਰਸੂਖ ਰੱਖਦੀ ਸੀ ਇਸ ਲਈ ਮਾਮਲੇ ਦੇ ਸ਼ਿਕਾਇਤਕਰਤਾ ਜਾਰਜ ਸ਼ੁੱਭ ਨੇ ਹਾਈ ਕੋਰਟ ਪਹੁੰਚ ਕੀਤੀ ਹੈ ਤੇ ਇਹ ਮਾਮਲਾ ਵੀ ਵਿਚਾਰ ਅਧੀਨ ਹੈ।