
ਅਤਿਵਾਦੀ ਹਮਲੇ 'ਚ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਤ
ਸ੍ਰੀਨਗਰ, 26 ਨਵੰਬਰ: ਸ਼੍ਰੀਨਗਰ ਦੇ ਬਾਹਰੀ ਹਿੱਸੇ ਪਰਮੀਪੁਰਾ ਵਿਖੇ ਵੀਰਵਾਰ ਨੂੰ ਇਕ ਇਕ ਰਿਸਪਾਂਸ ਟੀਮ 'ਤੇ ਹੋਏ ਅਤਿਵਾਦੀ ਹਮਲੇ ਵਿਚ ਦੋ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਪਰੀਮਪੁਰਾ ਖੇਤਰ ਦੇ ਖੁਸ਼ੀਪੁਰਾ ਵਿਖੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਫੜਨ ਲਈ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਅੱਤਵਾਦੀ ਹਮਲੇ ਦੀ ਪੁਸ਼ਟੀ ਕਰਦਿਆਂ ਆਈਜੀਪੀ ਕਸ਼ਮੀਰ ਰੇਂਜ ਵਿਜੇ ਕੁਮਾਰ ਨੇ ਕਿਹਾ ਕਿ ਇਹ ਹਮਲਾ ਤਿੰਨ ਅਤਿਵਾਦੀਆਂ ਵਲੋਂ ਕੀਤਾ ਗਿਆ ਹੈ। ਇੰਨਾ ਹੀ ਨਹੀਂ ਇਸ ਦੇ ਪਿੱਛੇ ਜੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਦਾ ਹੱਥ ਹੈ। ਇਹ ਅਤਿਵਾਦੀ ਇਕ ਮਾਰੂਤੀ ਕਾਰ ਵਿਚ ਸਵਾਰ ਸਨ। ਹਮਲੇ ਤੋਂ ਬਾਅਦ ਫ਼ਰਾਰ ਅਤਿਵਾਦੀਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਗੱਡੀ ਵਿਚ ਸਵਾਰ ਤਿੰਨ ਅਤਿਵਾਦੀਆਂ ਵਿਚੋਂ ਦੋ ਦੇ ਕੋਲ ਹਥਿਆਰ ਸਨ ਜਦਕਿ ਤੀਜਾ ਕਾਰ ਚਲਾ ਰਿਹਾ ਸੀ। ਦੋ ਵਿਦੇਸ਼ੀ ਅਤਿਵਾਦੀ ਦੱਸੇ ਜਾ ਰਹੇ ਹਨ। (ਪੀਟੀਆਈ)