
'ਪੁਜਾਰੀਵਾਦ' ਸੱਭ ਤੋਂ ਨਵੀਨ ਸਿੱਖ ਧਰਮ ਤੇ ਹਾਵੀ-ਇਕ ਦਿਨ ਵਿਚ ਪੰਥਕ ਸੋਚ ਵਾਲੇ 6 ਸਿੱਖ ਛੇਕੇ ਜਾਂ ਤਨਖ਼ਾਹੀਏ ਕਹਿ ਕੇ 'ਅਛੂਤ' ਬਣਾਏ
ਦੁਨੀਆਂ ਦਾ ਕੋਈ ਹੋਰ ਨਵਾਂ ਪਰਾਣਾ ਧਰਮ ਪੁਜਾਰੀਵਾਦ ਨੂੰ ਛੇਕੂ ਤਾਕਤਾਂ ਨਹੀਂ ਦੇਂਦਾ
ਅੰਮਿ੍ਤਸਰ, 26 ਨਵੰਬਰ : ਸਿੱਖ ਧਰਮ ਭਾਵੇਂ ਦੁਨੀਆਂ ਦਾ ਨਵੀਨਤਮ ਧਰਮ ਹੈ ਤੇ ਇਸ ਵਿਚ ਪੁਜਾਰੀਵਾਦ ਨੂੰ ਇਸ ਦੇ ਮੋਢੀ ਬਾਬਾ ਨਾਨਕ ਨੇ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੋਇਆ ਹੈ ਪਰ ਦੁਨੀਆਂ ਦੇ ਸਾਰੇ ਧਰਮਾਂ ਵਿਚੋਂ ਇਕ ਇਹੀ ਧਰਮ ਰਹਿ ਗਿਆ ਹੈ ਜਿਸ ਦੇ 'ਪੁਜਾਰੀ' ਨਵੇਂ ਨਾਵਾਂ ਤੇ ਨਵੇਂ ਭੇਖ ਵਿਚ ਅਕਾਲ ਤਖ਼ਤ ਦਾ ਨਾਂ ਜਾਂ ਹੋਰ ਕਿਸੇ 'ਤਖ਼ਤ' ਦਾ ਨਾਂ ਵਰਤ ਕੇ ਸਿੱਖੀ ਦੀ ਸੇਵਾ ਕਰਨ ਵਾਲੇ ਤੇ ਪੰਥਕ ਸੋਚ ਵਾਲੇ ਸਿੱਖਾਂ ਨੂੰ ਸਿੱਖੀ 'ਚੋਂ ਜ਼ਲੀਲ ਕਰ ਕੇ ਛੇਕਣ ਜਾਂ ਤਨਖ਼ਾਹੀਆ ਕਰਾਰ ਦੇਣ ਤੇ ਉਨ੍ਹਾਂ ਨਾਲ ਰੋਟੀ ਬੇਟੀ ਦਾ ਸਬੰਧ ਨਾ ਰੱਖਣ ਦਾ ਹੁਕਮ ਜਾਰੀ ਕਰਦੇ ਰਹਿੰਦੇ ਹਨ | ਦੁਨੀਆਂ ਦਾ ਕੋਈ ਨਵਾਂ ਪੁਰਾਣਾ ਧਰਮ ਅਪਣੇ ਪੁਜਾਰੀਆਂ ਨੂੰ 21ਵੀਂ ਸਦੀ ਵਿਚ ਅਜਿਹਾ ਅਨਰਥ ਕਰਨ ਦੀ ਆਗਿਆ ਹੁਣ ਨਹੀਂ ਦੇਂਦਾ |
ਪਿਛਲੇ ਦੋ ਦਿਨਾਂ ਵਿਚ ਪਰ ਇਸਤਰੀ ਗਮਨ ਦੇ ਇਕ ਦੋਸ਼ੀ ਅਕਾਲੀ ਲੀਡਰ ਨੂੰ ਪੰਥ ਵਿਚ ਵਾਪਸ ਲੈ ਲਿਆ ਗਿਆ ਹੈ ਤੇ ਪੰਥ ਦੀ ਸੇਵਾ ਕਰਨ ਵਾਲੇ ਕੁੱਝ ਲੋਕ ਪੰਥ 'ਚੋਂ ਛੇਕੇ ਗਏ ਹਨ ਜਾਂ ਤਨਖ਼ਾਹੀਏ ਕਰਾਰ ਦਿਤੇ ਗਏ ਹਨ ਤੇ ਸਿੱਖਾਂ ਨੂੰ ਹੁਕਮ ਦਿਤਾ ਗਿਆ ਹੈ ਕਿ ਉਨ੍ਹਾਂ ਨਾਲ ਕੋਈ ਸਬੰਧ ਨਾ ਰਖਿਆ ਜਾਵੇ :
1. ਅਮਰੀਕਾ ਵਿਚ ਸਿੱਖੀ ਦਾ ਪ੍ਰਚਾਰ, ਪਸਾਰ, ਕਿਤਾਬਾਂ ਰਾਹੀਂ ਕਰਨ ਲਈ ਪ੍ਰਸਿੱਧ ਹਸਤੀ ਡਾ: ਥਮਿੰਦਰ ਸਿੰਘ ਨੂੰ ਪੰਥ ਵਿਚ ਛੇਕ ਦਿਤਾ ਗਿਆ ਹੈ ਤੇ ਇਲਜ਼ਾਮ ਇਹ ਹੈ ਕਿ ਉਨ੍ਹਾਂ ਗੁਰਬਾਣੀ ਦੀਆਂ ਲਗਾਂ ਮਾਤਰਾਂ ਵਿਚ ਤਬਦੀਲੀ ਕੀਤੀ |
2. ਇਸ ਦੇ ਨਾਲ ਸ: ਥਮਿੰਦਰ ਸਿੰਘ ਦੇ ਹੱਕ ਵਿਚ ਖੜੇ ਹੋਣ ਵਾਲੇ ਪ੍ਰਸਿੱਧ ਸਿੱਖ ਡਾਕਟਰ ਰਾਜਵੰਤ ਸਿੰਘ (ਈਕੋ ਸਿੱਖ ਵਾਲੇ), ਭਜਨੀਕ ਸਿੰਘ ਤੇ ਸ: ਗੁਰਦਰਸ਼ਨ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਤਾ ਹੈ | ਸੱਭ ਨੂੰ ਸਜ਼ਾਵਾਂ ਵੀ ਲਗਾ ਦਿਤੀਆਂ ਹਨ | ਵਿਦਵਾਨਾਂ ਦੇ ਕਹਿਣ ਤੇ ਛੇਕਣ ਤੇ ਤਨਖ਼ਾਹੀਆ ਕਰਾਰ ਦੇਣ ਦੀ ਮੱਧ ਯੁਗ ਦੀ ਰੱਦ ਕੀਤੀ ਜਾ ਚੁੱਕੀ ਰੀਤ ਨੂੰ ਛੱਡ ਕੇ ਜੇ ਅਕਾਲ ਤਖ਼ਤ ਕੇਵਲ ਅਪਣੀ ਰਾਏ ਹੀ ਨਸ਼ਰ ਕਰ ਦੇਵੇ ਤਾਂ ਕੰਮ ਸਰ ਸਕਦਾ ਹੈ | ਸਜ਼ਾ ਦੇਣ ਦੀ ਤਾਕਤ ਪੁਰਾਤਨ ਧਰਮਾਂ ਨੇ ਉਦੋਂ ਪੁਜਾਰੀਵਾਦ ਨੂੰ ਦਿਤੀ ਸੀ ਜਦ ਲੋਕ ਅਨਪੜ੍ਹ ਸਨ ਤੇ ਸਬਕ ਸਿਖਾਉਣ ਦਾ ਹੋਰ ਕੋਈ ਢੰਗ ਹੀ ਨਹੀਂ ਸੀ |
3. ਇਸੇ ਤਰ੍ਹਾਂ ਤਖ਼ਤ ਪਟਨਾ ਸਾਹਿਬ ਦੇ ਪੁਜਾਰੀਆਂ ਨੇ ਉਸ ਤਖ਼ਤ ਦੇ ਜਥੇਦਾਰ ਨੂੰ ਵੀ ਪੰਥ 'ਚੋਂ ਛੇਕ ਦਿਤਾ ਹੈ ਤੇ ਅਕਾਲ ਤਖ਼ਤ ਵਾਲਿਆਂ ਨੇ ਉਸ ਲਈ ਦਰਵਾਜ਼ੇ ਬੰਦ ਕਰ ਦਿਤੇ ਹਨ |
ਇਥੇ ਯਾਦ ਕਰਵਾਇਆ ਜਾਂਦਾ ਹੈ ਕਿ ਬੀਤੇ ਵਿਚ ਵੀ ਪੰਥਕ ਸੋਚ ਵਾਲੇ ਸਿੱਖ ਪੁਜਾਰੀਵਾਦ ਦੇ ਅਤਾਬ ਦਾ ਸ਼ਿਕਾਰ ਹੁੰਦੇ ਆਏ ਹਨ | ਸਿੰਖ ਸਭਾ ਲਹਿਰ ਦੇ ਬਾਨੀ ਪ੍ਰੋ: ਗੁਰਮੁਖ ਸਿੰਘ ਨੂੰ ਵੀ ਪੰਥ 'ਚੋਂ ਛੇਕ ਦਿਤਾ ਗਿਆ ਸੀ ਪਰ ਉਨ੍ਹਾਂ ਨੇ ਆਖ਼ਰੀ ਸਾਹ ਤਕ ਪੁਜਾਰੀਆਂ ਦਾ ਹੁਕਮਨਾਮਾ ਮੰਨਣ ਤੋਂ ਨਾਂਹ ਕਰੀ ਰੱਖੀ | ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵੀ ਫ਼ਜ਼ੂਲ ਦੇ ਦੋਸ਼ਾਂ ਹੇਠ ਪੰਥ 'ਚੋਂ ਛੇਕੇ ਹੋਏ ਹਨ | ਇਹੀ ਸਲੂਕ ਗੁਰਬਾਣੀ ਦੇ ਇਸ ਸਦੀ ਦੇ ਮਹਾਨ ਵਿਆਖਿਆਕਾਰ ਗੁਰਬਖ਼ਸ਼ ਸਿੰਘ ਨਾਲ ਕੀਤਾ ਗਿਆ ਤੇ ਉਨ੍ਹਾਂ ਨੂੰ ਵੀ ਛੇਕ ਦਿਤਾ ਗਿਆ | ਉਨ੍ਹਾਂ ਦੇ ਲੇਖ ਛਾਪਣ ਤੋਂ ਗੁੱਸਾ ਖਾ ਕੇ ਸਪੋਕਸਮੈਨ ਦੇ ਮੁੱਖ ਸੰਪਾਦਕ ਨੂੰ ਵੀ ਛੇਕ ਦਿਤਾ ਗਿਆ | ਬਾਅਦ ਵਿਚ, ਬਿਨ੍ਹਾਂ ਕੋਈ ਕਾਰਨ ਦੱਸੇ, 1 ਦਸੰਬਰ 2005 ਨੂੰ ਸਪੋਕਸਮੈਨ ਦਾ ਪਹਿਲਾ ਅੰਕ ਬਾਜ਼ਾਰ ਵਿਚ ਆਇਆ ਵੇਖ ਕੇ ਇਸ ਪੰਥਕ ਅਖ਼ਬਾਰ ਵਿਰੁਧ ਵੀ ਹੁਕਮਨਾਮਾ ਜਾਰੀ ਕਰ ਦਿਤਾ ਗਿਆ ਕਿ ਇਸ ਨੂੰ ਕੋਈ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ | ਸਿੱਖ ਜਨਤਾ ਨੇ ਪੁਜਾਰੀਆਂ ਦੇ ਕਿਸੇ ਵੀ ਹੁਕਮਨਾਮੇ ਦੀ ਕੋਈ ਪ੍ਰਵਾਹ ਨਾ ਕੀਤੀ | ਇਸੇ ਲਈ ਨਵੰਬਰ 2003 ਵਿਚ ਮੋਹਾਲੀ ਵਿਖੇ ਵਰਲਡ ਸਿੱਖ ਕਨਵੈਨਸ਼ਨ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਿੱਖ ਧਰਮ, ਤਖ਼ਤਾਂ ਦੇ ਪੁਜਾਰੀਆਂ ਨੂੰ ਕਿਸੇ ਵੀ ਸਿੱਖ ਨੂੰ ਪੰਥ 'ਚੋਂ ਛੇਕਣ ਦੀ ਤਾਕਤ ਨਹੀਂ ਦੇਂਦਾ | ਇਸ ਦੇ ਬਾਵਜੂਦ ਸਿਆਸਤਦਾਨਾਂ ਦਾ ਥਾਪੜਾ-ਪ੍ਰਾਪਤ ਪੁਜਾਰੀ, ਪੰਥਕ ਸੋਚ ਵਾਲੇ ਸਿੱਖਾਂ ਮਗਰ ਡੰਡਾ ਚੁੱਕੀ ਫਿਰਦੇ ਹਨ ਤੇ ਸਿੱਖਾਂ ਨੂੰ ਇਸ ਜਬਰ ਵਿਰੁਧ ਵੀ ਇਕ ਲਹਿਰ ਸ਼ੁਰੂ ਕਰਨੀ ਹੀ ਪੈਣੀ ਹੈ |