
ਕਿਹਾ, ਅਸੀਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਉਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ
Mukhyamantri Tirth Yatra Yojana: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਧੂਰੀ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਅਤੇ ‘ਘਰ-ਘਰ ਆਟਾ’ ਦਾਲ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਕੀਮ ਦੀ ਸ਼ੁਰੂਆਤ ਪੰਜ ਬਜ਼ੁਰਗਾਂ ਨੂੰ ਪਾਸ ਦੇ ਕੇ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਪਹਿਲੀ ਰੇਲ ਗੱਡੀ ਅੰਮ੍ਰਿਤਸਰ ਤੋਂ ਨਾਂਦੇੜ ਲਈ ਰਵਾਨਾ ਹੋ ਰਹੀ ਹੈ। ਇਸ ਟਰੇਨ ਵਿਚ 1040 ਸ਼ਰਧਾਲੂ ਜਾ ਰਹੇ ਹਨ, ਜਿਨ੍ਹਾਂ ਲਈ ਟਰੇਨ ਵਿਚ ਹਰ ਸਹੂਲਤ ਉਪਲਬਧ ਹੈ। ਖਾਣ-ਪੀਣ ਤੋਂ ਇਲਾਵਾ ਟਰੇਨ 'ਚ ਇਕ ਡਾਕਟਰ ਵੀ ਹੋਵੇਗਾ, ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਾਂਦੇੜ ਲਈ ਚਾਰ ਟਰੇਨਾਂ ਜਾਣਗੀਆਂ। ਇਸੇ ਤਰ੍ਹਾਂ ਤਿੰਨ ਟਰੇਨਾਂ ਵ੍ਰਿੰਦਾਵਨ, ਤਿੰਨ ਵਾਰਾਣਸੀ ਅਤੇ ਇਕ ਟਰੇਨ ਮਲੇਰਕੋਟਲਾ ਤੋਂ ਅਜਮੇਰ ਸ਼ਰੀਫ ਲਈ ਜਾਵੇਗੀ। ਇਹ ਸਾਰੀਆਂ ਏਸੀ ਟਰੇਨਾਂ ਹੋਣਗੀਆਂ ਅਤੇ ਇਨ੍ਹਾਂ ਦੀ ਸਮਰੱਥਾ 1040 ਹੋਵੇਗੀ।
ਇਸੇ ਤਰ੍ਹਾਂ ਏਸੀ ਬੱਸਾਂ ਵੀ ਚੱਲਣਗੀਆਂ। ਇਹ ਰੇਲ ਗੱਡੀਆਂ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ, ਸ੍ਰੀ ਆਨੰਦਪੁਰ ਸਾਹਿਬ, ਮਾਤਾ ਜਵਾਲਾ ਜੀ, ਚਿੰਤਪੁਰਨੀ ਦੇਵੀ, ਨੈਣਾ ਦੇਵੀ, ਮਾਤਾ ਵੈਸ਼ਨੋ ਦੇਵੀ, ਸਾਲਾਸਰ ਬਾਲਾਜੀ ਧਾਮ ਅਤੇ ਖਾਟੂ ਸ਼ਿਆਮ ਧਾਮ ਆਦਿ ਲਈ ਰਵਾਨਾ ਹੋਣਗੀਆਂ।
ਆਟਾ ਦਾਲ ਸਕੀਮ ਦੀ ਹੋਈ ਸ਼ੁਰੂਆਤ
ਇਸ ਦੇ ਨਾਲ ਹੀ ਅੱਜ ਆਟਾ ਦਾਲ ਸਕੀਮ ਦੀ ਵੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਆਟਾ-ਦਾਲ ਸਕੀਮ ਦਾ ਰਾਸ਼ਨ ਲੋਕਾਂ ਦੇ ਘਰਾਂ ਤਕ ਪੁੱਜਣਾ ਸ਼ੁਰੂ ਹੋ ਜਾਵੇਗਾ। ਰਾਸ਼ਨ ਡਿਲੀਵਰ ਕਰਨ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਫ਼ੋਨ ਕਰ ਕੇ ਸਮਾਂ ਪੁੱਛਿਆ ਜਾਵੇਗਾ। ਇਸ ਦੀਆਂ ਪੂਰੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। ਇਹ ਰਾਸ਼ਨ ਵਧੀਆ ਗੁਣਵੱਤਾ ਵਾਲਾ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਕਾਂਗਰਸ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਉਹ ਵਿਧਾਨ ਸਭਾ ਵਿਚ ਪਹੁੰਚਦੇ ਹਨ ਤਾਂ ਵਿਰੋਧੀ ਧਿਰ ਵਾਕਆਊਟ ਕਰ ਜਾਂਦੇ ਹਨ, ਅਜਿਹੇ 'ਚ ਉਨ੍ਹਾਂ 'ਤੇ ਕੈਮਰੇ ਕਿਵੇਂ ਫੋਕਸ ਕੀਤੇ ਜਾਣ?
ਲੋੜਵੰਦਾਂ ਦੀ ਹਰ ਮਦਦ ਕਰਨਾ ਪੁੰਨ ਦਾ ਕੰਮ: ਅਰਵਿੰਦ ਕੇਜਰੀਵਾਲ
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਦਿੱਲੀ ਅਤੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਗੁਰੂ ਸਾਹਿਬ ਦੇ ਸੰਦੇਸ਼ 'ਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸੱਭ ਤੋਂ ਵੱਡਾ ਸੰਦੇਸ਼ ਇਹ ਸੀ ਕਿ ਅਸੀਂ ਦੀਨ ਦੁਖੀ ਲੋਕਾਂ ਦੀ ਸੇਵਾ ਕਰਨੀ ਹੈ। ਜਿਸ ਵਿਚ ਗਰੀਬਾਂ ਨੂੰ ਚੰਗੀ ਸਿੱਖਿਆ ਦੇਣੀ, ਉਨ੍ਹਾਂ ਦਾ ਇਲਾਜ ਕਰਵਾਉਣਾ ਅਤੇ ਉਨ੍ਹਾਂ ਨੂੰ ਤੀਰਥ ਯਾਤਰਾ 'ਤੇ ਲੈ ਕੇ ਜਾਣਾ ਸੱਭ ਤੋਂ ਵੱਡਾ ਪੁੰਨ ਹੈ। 'ਆਪ' ਸਰਕਾਰ ਵੀ ਇਹੀ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਅਸੀਂ ਦਿੱਲੀ ਵਿਚ 80 ਹਜ਼ਾਰ ਲੋਕਾਂ ਨੂੰ ਯਾਤਰਾ ਪ੍ਰਦਾਨ ਕੀਤੀ ਹੈ। ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿਚ ਵੀ ਇਹ ਯਾਤਰਾ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਤੋਂ 300, ਜਲੰਧਰ ਤੋਂ 200 ਅਤੇ ਧੂਰੀ ਤੋਂ ਕਰੀਬ 500 ਯਾਤਰੀ ਰੇਲ ਗੱਡੀ ਰਾਹੀਂ ਹਜ਼ੂਰ ਸਾਹਿਬ ਨਾਂਦੇੜ ਲਈ ਜਾ ਰਹੇ ਹਨ।
(For more news apart from Mukhyamantri Tirth Yatra Yojana in Punjab, stay tuned to Rozana Spokesman)