
ਕਿਸਾਨ ਜਥੇਬੰਦੀਆਂ ਨੇ ਕੇਂਦਰ ਨਾਲ ਗੱਲਬਾਤ ਲਈ 29 ਦਸੰਬਰ ਦਾ ਦਿਨ ਤੈਅ ਕੀਤਾ
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੀ ਚਿੱਠੀ ਦਾ ਜਵਾਬ ਭੇਜਿਆ
ਚੰਡੀਗੜ੍ਹ, 26 ਦਸੰਬਰ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਮਿਲੀ ਚਿੱਠੀ ’ਤੇ ਵਿਚਾਰ ਵਟਾਂਦਰੇ ਤੋਂ ਬਾਅਦ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਗੱਲਬਾਤ ਲਈ ਤਰੀਕ ਤੇ ਸਮਾਂ ਤੈਅ ਕਰਦਿਆਂ ਕੇਂਦਰੀ ਖੇਤੀ ਮੰਤਰਾਲੇ ਨੂੰ ਪੱਤਰ ਭੇਜ ਦਿਤਾ ਗਿਆ ਹੈ। ਮੰਤਰਾਲੇ ਦੇ ਜਾਇੰਟ ਸਕੱਤਰ ਵਿਵੇਕ ਅਗਰਵਾਲ ਨੂੰ ਭੇਜੇ ਪੱਤਰ ਵਿਚ ਗੱਲਬਾਤ ਲਈ 4 ਨੁਕਾਤੀ ਏਜੰਡਾ ਵੀ ਨਾਲ ਭੇਜਿਆ ਗਿਆ ਹੈ। ਗੱਲਬਾਤ ਲਈ ਮੰਗਲਵਾਰ 29 ਦਸੰਬਰ ਦਾ ਦਿਨ ਅਤੇ 11 ਵਜੇ ਸਮਾਂ ਦਸਿਆ ਗਿਆ ਹੈ। ਇਹ ਮੀਟਿੰਗ ਕੇਂਦਰ ਦੀ ਚਿੱਠੀ ਮੁਤਾਬਕ ਵਿਗਿਆਨ ਭਵਨ ਵਿਚ ਹੀ ਹੋਵੇਗੀ।
ਅੱਜ ਹੋਈ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਲਏ ਗਏ ਫ਼ੈਸਲਿਆਂ ਤੇ ਭੇਜੇ ਗਏ ਪੱਤਰ ਦੀ ਜਾਣਕਾਰੀ ਪ੍ਰਮੁੱਖ ਕਿਸਾਨ ਆਗੂਆਂ ਵਲੋਂ ਪ੍ਰੈਸ ਕਾਨਫ਼ਰੰਸ ਵਿਚ ਦਿਤੀ ਗਈ। ਇਸ ਵਿਚ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਯੋਗਿੰਦਰ ਯਾਦਵ, ਸ਼ਿਵ ਕੁਮਾਰ ਕੱਲਾ, ਵਿਪਨ ਪਾਟਿਲ ਆਦਿ ਮੌਜੂਦ ਸਨ। ਸੰਯੁਕਤ ਕਿਸਾਨ ਮੋਰਚੇ ਵਲੋਂ ਗੱਲਬਾਤ ਦੀ ਤਰੀਕ ਤੇ ਸਮਾਂ ਤੈਅ ਕਰ ਕੇ ਕੇਂਦਰੀ ਖੇਤੀ ਮੰਤਰਾਲੇ ਨੂੰ ਭੇਜੀ ਚਿੱਠੀ ਵਿਚ ਦਿਤੇ ਏਜੰਡੇ ਵਿਚ ਜੋ ਚਾਰ ਨੁਕਤੇ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਣ, ਪਰਾਲੀ ਸਬੰਧੀ ਜਾਰੀ ਆਰਡੀਨੈਂਸ ਵਿਚੋਂ ਕਿਸਾਨਾਂ ਨੂੰ ਬਾਹਰ
ਰੱਖਣ ਅਤੇ ਬਿਜਲੀ ਐਕਟ 2020 ਵਿਚ ਜ਼ਰੂਰੀ ਬਦਲਾਅ ਕਰਨ ਦੀਆਂ ਮੰਗਾਂ ਸ਼ਾਮਲ ਹਨ। ਇਸ ਚਿੱਠੀ ਵਿਚ ਇਹ ਵੀ ਕਿਹਾ ਗਿਆ ਕਿ ਕੇਂਦਰ ਵਲੋਂ 24 ਦਸੰਬਰ ਨੂੰ ਗੱਲਾਬਤ ਲਈ ਕਿਸਾਨ ਜਥੇਬੰਦੀਆਂ ਨੂੰ ਭੇਜੀ ਚਿੱਠੀ ਵਿਚ ਤੱਥ ਛੁਪਾਏ ਗਏ ਹਨ ਜਦਕਿ ਕਿਸਾਨ ਪ੍ਰਤੀਨਿਧ ਸਰਕਾਰ ਨਾਲ ਹੋਈਆਂ ਸਾਰੀਆਂ ਮੀਟਿੰਗਾਂ ਵਿਚ ਤਿੰਨ ਕਾਨੂੰਨ ਰੱਦ ਕਰਨ ਦੀ ਮੰਗ ਰੱਖਦੇ ਰਹੇ ਹਨ। ਪਰ ਸਰਕਾਰ ਇਸ ਨੂੰ ਤਰੋੜ ਮਰੋੜ ਕੇ ਸੋਧਾਂ ਦੇ ਰੂਪ ਵਿਚ ਦਸਦੀ ਰਹੀ। ਚਿੱਠੀ ਵਿਚ ਸਪੱਸ਼ਟ ਕਿਹਾ ਗਿਆ ਕਿ ਅਸੀ ਜੋ ਏਜੰਡਾ ਤੈਅ ਕੀਤਾ ਹੈ, ਉਸ ’ਤੇ ਹੀ ਗੱਲਬਾਤ ਕਰਾਂਗੇ।