
ਕਿਸਾਨ ਯੂਨੀਅਨ ਵਲੋਂ ਜੀਓ ਸਿਮਾਂ ਤੇ ਕਾਰਪੋਰੇਟ ਘਰਾਣਿਆਂ ਦੀਆਂ ਵਸਤਾਂ ਦੇ ਬਾਈਕਾਟ ਦਾ ਐਲਾਨ
ਮੋਦੀ ਦੀ ਮਨ ਕੀ ਬਾਤ ਸੁਣਾਉਣ ਸਮੇਂ ਭਾਂਡੇ ਖੜਕਾਉ : ਢੁੱਡੀਕੇ, ਪੀਟਰ
ਚੰਡੀਗੜ੍ਹ, 26 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਜੀਓ ਕੰਪਨੀ ਦੀਆਂ ਸਿਮਾਂ ਤੇ ਹੋਰ ਵਸਤਾਂ ਦਾ ਵਿਰੋਧ ਹੋਰ ਤੇਜ਼ ਕਰਨ ਲਈ ਜ਼ੋਰਦਾਰ ਮੁਹਿੰਮ ਵਿਢਣ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਵਲੋਂ 27 ਦਸੰਬਰ ਨੂੰ ਸਵੇਰੇ 11 ਵਜੇ ਪ੍ਰਧਾਨ ਮੰਤਰੀ ਮੋਦੀ ਨੂੰ ਮਨ ਕੀ ਬਾਤ ਸੁਣਾਉਣ ਸਮੇਂ ਪੰਜਾਬ ਭਰ ਵਿਚ ਖ਼ਾਲੀ ਭਾਂਡੇ ਖੜਕਾਉਣ ਦਾ ਸੱਦਾ ਵੀ ਦਿਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪਸਿੰਘਵਾਲਾ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸਮੀਰ ਸਿੰਘ ਘੁੱਗਸ਼ੋਰ ਨੇ ਦਸਿਆ ਕਿ ਦੋਨੋਂ ਜਥੇਬੰਦੀਆਂ ਵਲੋਂ ਪੰਜਾਬ ਅੰਦਰ ਮਾਝਾ, ਦੁਆਬਾ ਅਤੇ ਮਾਲਵਾ ਅਧਾਰਤ ਤਿੰਨ ਕੇਂਦਰ ਬਣਾਏ ਗਏ ਹਨ, ਜੋ ਸੰਕੁਯਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਜੀਉ ਕੰਪਨੀ ਦੀਆਂ ਸਿੰਮਾਂ, ਅਡਾਨੀ, ਅੰਬਾਨੀ ਅਤੇ ਪਤੰਜਲੀ ਦੀਆਂ ਵਸਤਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨਗੇ। ਇਸ ਬਾਈਕਾਟ ਮੁਹਿੰਮ ਨੂੰ ਅਸਰਦਾਇਕ ਢੰਗ ਨਾਲ ਲਾਗੂ ਕਰਵਾਉਣਗੇ ਅਤੇ ਲੋਕਾਂ ਨੂੰ ਦਿੱਲੀ ਜਾਣ ਦਾ ਹੋਕਾ ਦੇਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਿਸਾਨ ਅੰਦੋਲਨ ਪੱਖੀ ਹੋਣ ਦੇ ਦਮਗਜੇ ਮਾਰ ਰਹੀ ਹੈ ਤੇ ਦੂਜੇ ਪਾਸੇ
ਜੀਉ ਕੰਪਨੀ ਦੇ ਪੱਖ ਵਿਚ ਖੜੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਥਾਣਿਆਂ
ਵਿਚ ਇਨਸਾਫ਼ ਲਈ ਆਮ ਲੋਕਾਂ ਦੀਆਂ ਮਨਾਂ ਮੂੰਹੀ ਆ ਰਹੀਆਂ ਦਰਖ਼ਾਸਤਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਦੂਜੇ ਪਾਸੇ ਜੀਉ ਕੰਪਨੀ ਦੀ ਇਕ ਚਿੱਠੀ ਉੱਤੇ ਕੈਪਟਨ ਸਰਕਾਰ ਝੱਟ ਹਰਕਤ ਵਿਚ ਆ ਕੇ ਪੰਜਾਬ ਭਰ ਵਿਚ ਪੁਲਿਸ ਰਾਹੀਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਨਾ ਕਰਨ ਦੇ ਜਥੇਬੰਦੀਆਂ ਨੂੰ ਹੋਕਰੇ ਲਗਵਾ ਰਹੀ ਹੈ ਕਿ ਜੀਉ ਕੰਪਨੀ ਦੇ ਟਾਵਰਾਂ ਦੀ ਬੱਤੀ ਗੁੱਲ ਨਾ ਕਰੋ। ਕੈਪਟਨ ਸਰਕਾਰ ਦੀ ਇਹ ਕਾਰਵਾਈ ਨਿੰਦਣਯੋਗ ਹੈ।