
ਕੋਠੀਆਂ ’ਚ ਬੁਲਾ ਕੇ ਪੁਲਿਸ ਅਫ਼ਸਰਾਂ ਨੂੰ ਜ਼ਲੀਲ ਕਰਨ ਵਾਲੇ ਮੰਤਰੀਆਂ ਵਿਰੁਧ ਵੀ ਪੁਲਿਸ ਕਰ ਰਹੀ ਹੈ ਚੋਣ ਜ਼ਾਬਤਾ ਲੱਗਣ ਦੀ ਉਡੀਕ
ਰੂਪਨਗਰ (ਕੁਲਵਿੰਦਰ ਭਾਟੀਆ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਪੁਲਿਸ ਵਿਰੁਧ ਵਰਤੀ ਗਈ ਭੱਦੀ ਸ਼ਬਦਾਵਲੀ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਧੂ ਵਿਰੁਧ ਕ੍ਰਾਂਤੀ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਜੋ ਬੀਤੇ ਕਲ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਚੰਡੀਗੜ੍ਹ ਪੁਲਿਸ ਵਿਚ ਬਤੌਰ ਡੀ.ਐਸ.ਪੀ. ਦਿਲਸ਼ੇਰ ਸਿੰਘ ਰਾਣਾ ਵਲੋਂ ਸਿੱਧੂ ਨੂੰ ਜਿਥੇ ਚਿਤਾਵਨੀ ਦਿਤੀ ਗਈ ਸੀ ਉਥੇ ਹੀ ਉਨ੍ਹਾਂ ਹਿੰਦੋਸਤਾਨ ਦੀ ਪੁਲਿਸ ਵਲੋਂ ਇਸ ਦੀ ਨਿਖੇਧੀ ਵੀ ਕੀਤੀ ਸੀ।
Navjot Sidhu
ਇਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਦੇ ਸ਼ਹੀਦ ਪ੍ਰਵਾਰ ਨਾਲ ਸਬੰਧ ਰੱਖਣ ਵਾਲੇ ਨੂਰਪੁਰ ਬੇਦੀ ਨਾਲ ਲਗਦੇ ਪਿੰਡ ਜੈਤੇਵਾਲ ਤੋਂ ਹੌਲਦਾਰ ਨਰਿੰਦਰ ਸਿੰਘ ਭੱਠਲ ਨੇ ਵੀ ਸਿੱਧੂ ਨੂੰ ਲਲਕਾਰਾ ਮਾਰ ਦਿਤਾ ਹੈ। ਦਸਣਾ ਬਣਦਾ ਹੈ ਕਿ ਸਿੱਧੂ ਵਲੋਂ ਇਕ ਰੈਲੀ ਵਿਚ ਥਾਣੇਦਾਰ ਨੂੰ ਭੱਦੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕਿ ਸਾਰੀ ਹੀ ਪੰਜਾਬ ਪੁਲਿਸ ਸਿੱਧੂ ਦੇ ਇਸ ਬਿਆਨ ਦੀ ਨਿਖੇਧੀ ਕਰ ਰਹੀ ਹੈ ਪਰ ਸਾਹਮਣੇ ਕੋਈ ਨਹੀਂ ਆ ਰਿਹਾ ਸੀ ਪਰ ਅੱਜ ਨਰਿੰਦਰ ਪਾਲ ਸਿੰਘ ਭੱਠਲ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਿੱਧੂ ਨੂੰ ਕਿਹਾ ਕਿ ਤੁਸੀਂ ਥਾਣੇਦਾਰ ਦਾ ਕੀ ਇਕ ਹੋਮਗਾਰਡ ਦੇ ਜਵਾਨ ਨੂੰ ਵੀ ਨਹੀਂ ਸੰਭਾਲ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਮੇਰੇ ’ਤੇ ਕੋਈ ਵੀ ਕਾਰਵਾਈ ਹੋ ਜਾਵੇ।
CM Charanjit singh channi
ਉਨ੍ਹਾਂ ਕਿਹਾ ਕਿ ਸਿੱਧੂ ਅਜਿਹੇ ਬਿਆਨ ਦੇਣ ਤੋਂ ਗੁਰੇਜ ਕਰਨ ਜਿਸ ਨਾਲ ਫ਼ੋਰਸ ਦਾ ਮਨੋਬਲ ਡਿੱਗਦਾ ਹੋਵੇ। ਉਨ੍ਹਾਂ ਇਸ ਨੂੰ ਸਿੱਧੂ ਵਲੋਂ ਕੀਤਾ ਗਿਆ ਪੰਜਾਬ ਪੁਲਿਸ ਤੇ ਨਿਜੀ ਹਮਲਾ ਦਸਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਰਾਤ ਰਾਤ ਜਾਗ ਕੇ ਤਨਦੇਹੀ ਨਾਲ ਡਿਊਟੀ ਕਰਦੀ ਹੈ ਪਰ ਸਿੱਧੂ ਦਾ ਇਹ ਬਿਆਨ ਰਾਜਨੀਤਕ ਅਤੇ ਫ਼ੋਰਸ ਦੇ ਵਿਚਕਾਰ ਪਾੜਾ ਪੈਦਾ ਕਰਨ ਵਾਲਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਿੱਧੂ ਨੂੰ ਸਮਝਾਉਣ ਦੀ ਅਪੀਲ ਕੀਤੀ।
Navjot Sidhu
ਭਾਵੇਂ ਕਿ ਸਿੱਧੂ ਵਲੋਂ ਦਿਤੇ ਗਏ ਇਸ ਬਿਆਨ ਤੇ ਕੋਈ ਵੀ ਨਹੀਂ ਬੋਲ ਰਿਹਾ ਪਰ ਸੂਤਰ ਦਸਦੇ ਹਨ ਕਿ ਅਪਣੀਆਂ ਕੋਠੀਆਂ ਵਿਚ ਬੁਲਾ ਕੇ ਪੁਲਿਸ ਅਫ਼ਸਰਾਂ ਨੂੰ ਜ਼ਲੀਲ ਕਰਨ ਵਾਲੇ ਮੰਤਰੀਆਂ ਨਾਲ ਹਿਸਾਬ ਕਰਨ ਲਈ ਪੁਲਿਸ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੀ ਹੀ ਰਹੀ ਸੀ ਕਿ ਸਿੱਧੂ ਦੇ ਇਸ ਬਿਆਨ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਕੁੱਝ ਪੁਲਿਸ ਅਫ਼ਸਰਾਂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਹੈ ਕਿ ਚੋਣ ਜ਼ਾਬਤੇ ਤੋਂ ਬਾਅਦ ਇਨ੍ਹਾਂ ਨੂੰ ਦਸਿਆ ਜਾਵੇਗਾ ਕਿ ਥਾਣੇਦਾਰ ਕੀ ਕਰ ਸਕਦਾ ਹੈ।