
ਸਨਅਤਾਂ ਜਾਂ ਖੇਤੀ ਖੇਤਰ ਨੂੰ ਰਾਹਤ ਵੀ ਦਿੱਤੀ ਜਾ ਸਕਦੀ ਹੈ।
ਚੰਡੀਗੜ੍ਹ - ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ ਦੌਰੇ ’ਤੇ ਆ ਸਕਦੇ ਹਨ। ਇਸ ਬਾਰੇ ਸੋਮਵਾਰ ਤੱਕ ਰੂਪ-ਰੇਖਾ ਤਿਆਰ ਹੋਣ ਦੀ ਸੰਭਾਵਨਾ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਕਿਸੇ ਅਹਿਮ ਪੈਕੇਜ ਦਾ ਐਲਾਨ ਕਰਨ ਦੀ ਸੰਭਾਵਨਾ ਵੀ ਹੈ। ਇਸ ’ਚ ਸਨਅਤਾਂ ਜਾਂ ਖੇਤੀ ਖੇਤਰ ਨੂੰ ਰਾਹਤ ਵੀ ਦਿੱਤੀ ਜਾ ਸਕਦੀ ਹੈ।
Narendra Modi
ਇਸ ਤੋਂ ਪਹਿਲਾਂ ਪੀਐੱਮ ਮੋਦੀ 2019 ਵਿਚ ਪੰਜਾਬ ਆਏ ਸਨ। ਸੂਤਰਾਂ ਅਨੁਸਾਰ ਪੀਐੱਮ ਮੋਦੀ ਦਾ ਫਿਰੋਜ਼ਪੁਰ ਜਾਂ ਹੁਸ਼ਿਆਰਪੁਰ ’ਚ ਪ੍ਰੋਗਰਾਮ ਰੱਖੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਿਚ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖੇ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਹੁਸ਼ਿਆਰਪੁਰ ’ਚ ਪੀਐੱਮ ਮੋਦੀ ਦਾ ਸਮਾਗਮ ਹੋਣ ਦੇ ਚਰਚੇ ਹਨ ਪਰ ਐੱਸਐੱਸਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ ਦਾ ਕਹਿਣਾ ਸੀ ਕਿ ਹਾਲੇ ਤੱਕ ਇਸ ਬਾਰੇ ਕੋਈ ਲਿਖਤੀ ਪ੍ਰੋਗਰਾਮ ਨਹੀਂ ਆਇਆ ਹੈ।
PM Modi
ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਹਾਲੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦਾ ਕੋਈ ਪ੍ਰੋਗਰਾਮ ਫਾਈਨਲ ਨਹੀਂ ਹੋਇਆ ਹੈ ਪਰ ਸੋਮਵਾਰ ਤੱਕ ਪੰਜਾਬ ਦੌਰੇ ਬਾਰੇ ਪਤਾ ਲੱਗ ਜਾਵੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਆਖ਼ਰੀ ਦੌਰਾ ਨਵੰਬਰ 2019 ਨੂੰ ਕੀਤਾ ਸੀ ਜਦੋਂ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮੌਕੇ ਆਈਸੀਪੀ ਦਾ ਉਦਘਾਟਨ ਕੀਤਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਕਾਂਗਰਸ ਹਾਈਕਮਾਨ ਵੱਲੋਂ ਵੀ ਪੰਜਾਬ ਚੋਣਾਂ ਦੇ ਪ੍ਰਚਾਰ ਦੇ ਬਿਗੁਲ ਲਈ 3 ਜਨਵਰੀ ਨੂੰ ਹੀ ਰਾਹੁਲ ਗਾਂਧੀ ਦੀ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਰੈਲੀ ਰੱਖੀ ਗਈ ਹੈ।