
ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ।
ਚੰਡੀਗੜ੍ਹ (ਅਮਨਪ੍ਰੀਤ ਕੌਰ): ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 35 ਸੀਟਾਂ ਵਾਲੇ ਨਿਗਮ ਵਿਚ ‘ਆਪ’ ਨੂੰ 14 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਨੰਬਰ 'ਤੇ ਰਹੀ। ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ।
Raghav Chadha
ਉਹਨਾਂ ਕਿਹਾ ਕਿ ਇਸ ਸਪੱਸ਼ਟ ਹੁੰਦਾ ਹੈ ਕਿ ਚੰਡੀਗੜ੍ਹ ਵਾਸੀਆਂ ਦੇ ਦਿਲ ਵਿਚ ਸਿਰਫ਼ ਇੱਕ ਹੀ ਗੱਲ ਹੈ ਕਿ ਇਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਜਾਵੇ। ਇਹ ਕੇਜਰੀਵਾਲ ਮਾਡਲ ਦੀ ਜਿੱਤ ਹੈ, ਇਹ ਸਿਰਫ ਟ੍ਰੇਲਰ ਹੈ, ਪੰਜਾਬ ਦੀ ਤਸਵੀਰ ਅਜੇ ਬਾਕੀ ਹੈ। ਰਾਘਵ ਚੱਢਾ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਚੰਡੀਗੜ੍ਹ ਦੇ ਲੋਕ ਵੀ ਕੇਜਰੀਵਾਲ ਮਾਡਲ ਦੇਖਣਾ ਚਾਹੁੰਦੇ ਹਨ।
Arvind Kejriwal
ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਦੁਖੀ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਵਿਕਲਪ ਵਜੋਂ ਚੁਣਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੰਡੀਗੜ੍ਹ ਵਿਚ ਚੋਣ ਲੜੀ ਅਤੇ ਉਸ ਨੂੰ ਇੰਨੀ ਵੱਡੀ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਜੋ ਮੂਡ ਚੰਡੀਗੜ੍ਹ ਦਾ ਹੁੰਦਾ ਹੈ, ਉਹੀ ਮੂਡ ਪੰਜਾਬ ਦਾ ਹੁੰਦਾ ਹੈ। ਉਹਨਾਂ ਕਿਹਾ ਇਹ ਤਾਂ ਸਿਰਫ਼ ਝਾਂਕੀ ਹੈ, ਪੰਜਾਬ ਹਾਲੇ ਬਾਕੀ ਹੈ। ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਇਕਜੁੱਟ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਦਿੱਤੀ ਹੈ।
Tweet
ਚੰਡੀਗੜ੍ਹ ਨਗਰ ਨਿਗਮ ’ਚ AAP ਦੀ ਜਿੱਤ ਪੰਜਾਬ ’ਚ ਆਉਣ ਵਾਲੇ ਬਦਲਾਅ ਦਾ ਸੰਕੇਤ- ਅਰਵਿੰਦ ਕੇਜਰੀਵਾਲ
ਨਗਰ ਨਿਗਮ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, “ਚੰਡੀਗੜ੍ਹ ਨਗਰ ਨਿਗਮ ਵਿਚ AAP ਦੀ ਇਹ ਜਿੱਤ ਪੰਜਾਬ ਵਿਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ। ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰ ਕੇ ‘ਆਪ’ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਆਪ ਦੇ ਸਾਰੇ ਜੇਤੂ ਉਮੀਦਵਾਰਾਂ ਅਤੇ ਵਰਕਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਵਾਰ ਪੰਜਾਬ ਬਦਲਾਅ ਲਈ ਤਿਆਰ ਹੈ"।