
ਸੰਯੁਕਤ ਸਮਾਜ ਪਾਰਟੀ ਦੇ ਮੁੱਦਿਆਂ ਬਾਰੇ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਉੱਤੇ ਲੀਕ ਮਾਰਾਂਗੇ, ਇਸ ਤੋਂ ਇਲਾਵਾ ਪਾਰਟੀ ਵਲੋਂ ਖਰੜਾ ਤਿਆਰ ਕੀਤਾ ਜਾ ਰਿਹਾ ਹੈ।
ਮਾਨਸਾ (ਪਰਮਦੀਪ ਰਾਣਾ): ਸੰਯੁਕਤ ਸਮਾਜ ਮੋਰਚਾ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਕਿਸਾਨ ਅੰਦੋਲਨ ਜਾਰੀ ਹੈ, ਉਦੋਂ ਤੱਕ ਰਾਜਨੀਤੀ ਨਹੀਂ ਕਰਾਂਗੇ ਅਤੇ ਨਾ ਹੀ ਅਸੀਂ ਰਾਜਨੀਤੀ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਐਲਾਨ ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨਾਂ ਕਿਹਾ ਕਿ ਜੇਕਰ ਸਾਨੂੰ ਲੋਕਾਂ ਨੇ ਵਿਧਾਨ ਸਭਾ ਵਿਚ ਭੇਜਿਆ ਤਾਂ ਉੱਥੇ ਜਾ ਕੇ ਲੜਾਂਗੇ ਨਹੀਂ ਤਾਂ ਸੜਕਾਂ ਉੱਤੇ ਤਾਂ ਅਸੀਂ ਹਮੇਸ਼ਾਂ ਤੋਂ ਰਹੇ ਹਾਂ।
Ruldu Singh Mansa
ਸੰਯੁਕਤ ਸਮਾਜ ਪਾਰਟੀ ਦੇ ਮੁੱਦਿਆਂ ਬਾਰੇ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਉੱਤੇ ਲੀਕ ਮਾਰਾਂਗੇ, ਇਸ ਤੋਂ ਇਲਾਵਾ ਪਾਰਟੀ ਵਲੋਂ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਚੀਜ਼ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਵੱਧ ਤੋਂ ਵੱਧ ਚੀਜ਼ਾਂ ਦਾ ਕੌਮੀਕਰਨ ਕੀਤਾ ਜਾਵੇ। ਰੁਲਦੂ ਸਿੰਘ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਨਿਭਾਇਆ ਜਾਵੇਗਾ।
Sidhu Moose Wala
ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਸਿਰਫ ਸਿੱਧੂ ਮੂਸੇਵਾਲਾ ਖਿਲਾਫ਼ ਨਹੀਂ ਲੜਨਗੇ, ਉਹਨਾਂ ਕਿਹਾ ਕਿ ਸਿੱਧੂ ਸਾਡੇ ਬੱਚਿਆਂ ਵਰਗਾ ਹੈ, ਅਸੀਂ ਹਰੇਕ ਖਿਲਾਫ਼ ਲੜਾਂਗੇ। ਰੁਲਦੂ ਸਿੰਘ ਨੇ ਕਿਹਾ ਕਿ ਅਸੀਂ ਅਪਣੇ ਵਲੋਂ ਕੀਤੇ 100 ਫੀਸਦ ਵਾਅਦੇ ਪੂਰੇ ਕਰਾਂਗੇ, ਅਸੀਂ ਦਿੱਲੀ ਅੰਦੋਲਨ ਵਿਚ ਵੀ ਕਾਨੂੰਨ ਰੱਦ ਕਰਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਅਸੀਂ ਪੂਰਾ ਕਰ ਚੁੱਕੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਬਿਨ੍ਹਾਂ ਸਰਕਾਰ ਤੋਂ ਦਿੱਲੀ ਵਿਚ ਤਿੰਨ ਕਾਨੂੰਨ ਰੱਦ ਕਰਵਾ ਸਕਦੇ ਹਾਂ ਤਾਂ ਤੁਸੀਂ ਦੇਖੋ ਕਿ ਜੇਕਰ ਅਸੀਂ ਸਰਕਾਰ ਵਿਚ ਹੋਵਾਂਗੇ ਤਾਂ ਕੀ-ਕੀ ਕਰਵਾ ਸਕਦੇ ਹਾਂ।
Ruldu Singh Mansa
ਸ਼੍ਰੋਮਣੀ ਅਕਾਲੀ ਦਲ ਉੱਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਸਾਨੂੰ ਸ਼੍ਰੋਮਣੀ ਕਮੇਟੀ ਦਾ ਹਿਸਾਬ ਦੇ ਦੇਵੇ ਤਾਂ ਅਸੀਂ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਸਾਰਾ ਹਿਸਾਬ ਦੇਵਾਂਗੇ। ਰੁਲਦੂ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਿੱਥੋਂ ਵੀ ਟਿਕਟ ਦਿੱਤੀ ਜਾਵੇਗੀ, ਉਹ ਉੱਥੋਂ ਚੋਣ ਲੜਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਸਾਡਾ ਕਾਂਗਰਸ ਜਾਂ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ। ਅਸੀਂ ਲੋਕਾਂ ਨੂੰ ਬਦਲ ਦਿੱਤਾ ਹੈ ਅਤੇ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ।