
ਕਾਬੂ ਕੀਤੇ ਨੌਜਵਾਨਾਂ ਨੂੰ ਛੁਡਵਾਉਣ ਲਈ ਕੀਤਾ ਫ਼ੋਨ
A Scammer Calling himself an MLA was Arrested Latest News in Punjabi : ਥਾਣਾ ਨੇਹੀਆਂਵਾਲਾ ਅਧੀਨ ਪੈਂਦੀ ਪੁਲਿਸ ਚੌਂਕੀ ਗੋਨਿਆਣਾ ਮੰਡੀ ਇੰਚਾਰਜ ਮੋਹਨਦੀਪ ਸਿੰਘ ਦੀ ਅਗਵਾਈ ’ਚ ਪੁਲਿਸ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹਲਕਾ ਭੁੱਚੋ ਦੇ ‘ਆਪ’ ਪਾਰਟੀ ਦੇ ਐਮ.ਐਲ.ਏ. ਮਾਸਟਰ ਜਗਸੀਰ ਸਿੰਘ ਬਣ ਕੇ ਫ਼ੋਨ ਕਰਨ ਵਾਲੇ ਇਕ ਨੌਸਰਬਾਜ਼ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਮੋਹਨਦੀਪ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿਚ ਕੁੱਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ। ਜਿਨ੍ਹਾਂ ’ਤੇ ਧਾਰਾ 109 ਲਗਾ ਕੇ ਹਵਾਲਾਤ ’ਚ ਬੰਦ ਕਰ ਦਿਤਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਸਬੰਧ ਵਿਚ ਇਕ ਨੌਜਵਾਨ ਖ਼ੁਦ ਨੂੰ ਹਲਕੇ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦੱਸ ਰਿਹਾ ਸੀ, ਉਹ ਸਾਨੂੰ ਆ ਕੇ ਮਿਲਿਆ। ਜਦੋਂ ਅਸੀਂ ਉਸ ਨੂੰ ਉਨ੍ਹਾਂ ਨੌਜਵਾਨਾਂ ਦੀ ਜ਼ਮਾਨਤ ਕਰਵਾਉਣ ਬਾਰੇ ਗੱਲ ਕਹੀ ਤਾਂ ਉਸ ਵਲੋਂ ਕੁੱਝ ਸਮੇਂ ਬਾਅਦ ਫਿਰ ਫ਼ੋਨ ਕੀਤਾ ਗਿਆ ਅਤੇ MLA ਜਗਸੀਰ ਸਿੰਘ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੋਨ ’ਤੇ ਉਕਤ ਵਿਅਕਤੀ ਨਾਲ ਗੱਲ ਕੀਤੀ, ਜੋ ਕਿ ਮਾ. ਜਗਸੀਰ ਸਿੰਘ ਬਣ ਕੇ ਗੱਲ ਕਰ ਰਿਹਾ ਸੀ।
ਉਨ੍ਹਾਂ ਦਸਿਆ ਕਿ ਮੈਨੂੰ ਅਪਣੇ ਤਜ਼ਰਬੇ ਮੁਤਾਬਕ ਉਸ ਆਵਾਜ਼ ’ਤੇ ਕੁੱਝ ਸ਼ੱਕ ਹੋਇਆ, ਜੋ ਕਿ ਬਹੁਤ ਹੀ ਤਲਖ਼ ਲਹਿਜ਼ੇ ਵਿਚ ਗੱਲ ਕਰ ਰਿਹਾ ਸੀ ਅਤੇ ਮੈਂ ਅਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਇਹ ਆਵਾਜ਼ ਕਿਸੇ ਹੋਰ ਆਦਮੀ ਦੀ ਲੱਗੀ।
ਜਦੋਂ ਅਸੀਂ ਸਬੰਧਤ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਇਸ ਗੱਲ ’ਤੇ ਹੈਰਾਨਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਮੈਂ ਤਾਂ ਪਿਛਲੇ ਦਿਨੀਂ ਕਿਸੇ ਧਾਰਮਕ ਜਗ੍ਹਾ ’ਤੇ ਮੱਥਾ ਟੇਕਣ ਲਈ ਹਵਾਈ ਸਫ਼ਰ ਰਾਹੀਂ ਗਿਆ ਸੀ, ਜਿੱਥੇ ਫ਼ੋਨ ਦੀ ਵਰਤੋਂ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਮੈਂ ਕਿਸੇ ਨੂੰ ਛੁਡਵਾਉਣ ਲਈ ਕੋਈ ਫ਼ੋਨ ਕੀਤਾ ਹੈ। ਪੂਰੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਨੂੰ ਫੜ ਲਿਆ ਗਿਆ ।
ਜਿਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਪਿੰਡ ਦਾਨ ਸਿੰਘ ਵਾਲਾ ਵਜੋਂ ਹੋਈ। ਪ੍ਰਸ਼ਾਸਨ ਅਨੁਸਾਰ ਥਾਣਾ ਨੇਹੀਆਂਵਾਲਾ ਅਧੀਨ ਪੈਂਦੀ ਚੌਂਕੀ ਗੋਨਿਆਣਾ ਮੰਡੀ ਦੇ ਇੰਚਾਰਜ ਮੋਹਨਦੀਪ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
(For more Punjabi news apart from A Scammer Calling himself an MLA was Arrested Latest News in Punjabi stay tuned to Rozana Spokesman)