
ਬੇਸ਼ਕ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਨੇ ਅੱਜ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਹਿਰਾਸਤ ਵਿਚ ਲੈ ਲਿਆ ਹੈ, ਪਰ ਅੱਜ ਪੰਥਕ ਜਥੇਬੰਦੀਆਂ.....
ਚੰਡੀਗੜ੍ਹ : ਬੇਸ਼ਕ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਨੇ ਅੱਜ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਹਿਰਾਸਤ ਵਿਚ ਲੈ ਲਿਆ ਹੈ, ਪਰ ਅੱਜ ਪੰਥਕ ਜਥੇਬੰਦੀਆਂ, ਮੁਤਵਾਜ਼ੀ ਜਥੇਦਾਰਾਂ ਨੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ, ਜੇਲ੍ਹਾਂ 'ਚ ਬੰਦ ਕੈਦੀਆਂ ਦੀ ਰਿਹਾਈ ਤੇ ਜੇਲ੍ਹ ਤਬਦੀਲ ਕਰਨ ਦਾ ਸਰਕਾਰ ਨੂੰ 15 ਫ਼ਰਵਰੀ ਤਕ ਦਾ ਅਲਟੀਮੇਟਮ ਦਿਤਾ ਹੈ। 15 ਫ਼ਰਵਰੀ ਤੋਂ ਬਾਅਦ ਪੰਥਕ ਜਥੇਬੰਦੀਆਂ ਵਲੋਂ ਫਿਰ ਤੋਂ ਮੋਰਚਾ ਲਗਾਉਣ ਦੀ ਧਮਕੀ ਦਿਤੀ ਹੈ।
ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਸੱਦੇ 'ਤੇ ਅੱਜ ਗੁਰਦੁਆਰਾ ਸ਼ਾਹਪੁਰ ਸੈਕਟਰ 38 ਵਿਖੇ ਪੰਥਕ ਹਿਤੈਸ਼ੀਆਂ, ਜਥੇਬੰਦੀਆਂ ਦਾ ਇਕੱਠ ਕੀਤਾ ਗਿਆ। ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੇਲ 'ਚੋਂ ਭੇਜੇ ਸੁਨੇਹੇ ਰਾਹੀਂ ਸੱਦੇ ਗਏ ਅੱਜ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਭਰਵੇਂ ਇਕੱਠ ਵਿਚ ਦੋ ਮੰਤਰੀਆਂ ਵਲੋਂ ਬਰਗਾੜੀ ਵਿਖੇ ਵਾਅਦਾ ਕਰਕੇ ਸਮਾਪਤ ਕਰਵਾਏ ਗਏ ਮੋਰਚੇ ਨੂੰ ਹੁਣ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ।
ਅੱਜ ਮੀਟਿੰਗ 'ਚ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਦੇ ਝੂਠੇ ਵਾਅਦੇ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ। ਕੈਪਟਨ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਪੰਥਕ ਮੀਟਿੰਗ 'ਚ ਕਿਹਾ ਗਿਆ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਾਰੇ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ 15 ਦਿਨਾਂ ਬਾਅਦ ਬਰਗਾੜੀ ਮੋਰਚਾ ਫਿਰ ਲੱਗੇਗਾ।
ਅੱਜ ਦੇ ਇਕੱਠ ਵਿਚ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ,ਮੁਤਵਾਜ਼ੀ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ , ਭਾਈ ਮੋਹਕਮ ਸਿੰਘ , ਭਾਈ ਨਰੈਣ ਸਿੰਘ ਚੌੜਾ , ਭਾਈ ਗੁਰਦੀਪ ਸਿੰਘ ਬਠਿੰਡਾ',ਅਕਾਲੀ ਦਲ 1920 ਦੇ ਆਗੂ ਬੂਟਾ ਸਿੰਘ ਰਣਸੀਂਹ ਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਥਕ ਆਗੂ ਹਾਜ਼ਰ ਹੋਏ।
ਇਸ ਮੌਕੇ ਮੁਤਵਾਜ਼ੀ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪੰਥ ਦੇ ਅੰਦਰੂਨੀ ਮਾਮਲਿਆਂ ਨੂੰ ਪਾਸੇ ਰੱਖਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦੁਬਾਰਾ ਕਿਸੇ ਵੀ ਕਿਸਮ ਦਾ ਮੋਰਚਾ ਲਗਾਇਆ ਜਾਂਦਾ ਹੈ ਤਾਂ ਉਹ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਕੰਮ ਕਰਨ ਨੂੰ ਤਿਆਰ ਹਨ।
ਸਮਾਗਮ ਦੌਰਾਨ ਸਿੱਖ ਨੌਜਵਾਨਾਂ ਵਲੋਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸੰਬੋਧਨ ਕਰਨ ਤੋਂ ਰੋਕਣ ਲਈ ਹੰਗਾਮਾ ਕੀਤਾ। ਪਰ ਪੰਜ ਪਿਆਰਿਆ ਦੇ ਦਖ਼ਲ ਕਰਨ ਤੇ ਭਾਈ ਧਿਆਨ ਸਿੰਘ ਮੰਡ ਨੂੰ ਬੋਲਣ ਦਿਤਾ ਗਿਆ। ਮੰਡ ਨੇ ਕਿਹਾ ਕਿ ਉਹਨਾਂ ਨੂੰ ਜਥੇਦਾਰੀ ਦਾ ਸੌਂਕ ਨਹੀਂ ਹੈ, ਪਰ ਅਫਸੋਸ ਜਰੂਰ ਹੈ ਕਿ ਅਕਾਲੀ ਫੂਲਾ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਧੀਆ ਜਥੇਦਾਰ ਸਾਹਿਬ ਨਹੀਂ ਮਿਲਿਆ।