
ਅਗਲੇ 24 ਘੰਟਿਆਂ 'ਚ ਹੋਰ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਸਮੇਤ ਪੱਛਮੀ ਉੱਤਰ ਪ੍ਰਦੇਸ਼ 'ਚ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਉਤਰਾਖੰਡ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿਤੀ ਹੈ ਕਿ 28 ਤੇ 29 ਜਨਵਰੀ ਨੂੰ ਕਈ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ ਹੈ।
Rain
ਮੌਸਮ ਵਿਗਿਆਨੀਆਂ ਨੇ ਕਿਹਾ ਕਿ 28 ਜਨਵਰੀ ਨੂੰ ਉਤਰੀ ਭਾਰਤ ਦੇ ਤਿੰਨ ਸੂਬਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ, ਜਿਸ ਕਾਰਨ ਠੰਢ ਵਿਚ ਹੋਰ ਵਾਧਾ ਹੋਵੇਗਾ।
ਫ਼ਿਲਹਾਲ ਉਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ ਬਾਰਸ਼ ਤੇ ਬਰਫ਼ਬਾਰੀ ਤੋਂ ਨਿਜਾਤ ਮਿਲਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਗਿਆਨੀਆਂ ਅਨੁਸਾਰ ਉਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ ਜਨਵਰੀ ਮਹੀਨੇ ਦੇ ਅਖੀਰ ਤਕ ਇਕ ਵਾਰ ਫਿਰ ਬਾਰਸ਼ ਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਹੈ।
Rain
ਮਾਹਰਾਂ ਨੇ ਦਸਿਆ ਕਿ 27 ਜਨਵਰੀ ਨੂੰ ਇਕ ਨਵਾਂ ਪੱਛਮੀ ਚੱਕਰਵਾਤ ਜੰਮੂ ਤੇ ਕਸ਼ਮੀਰ 'ਚ ਆ ਸਕਦਾ ਹੈ। ਇਸ ਦਾ ਅਸਰ ਅਗਲੇ ਦਿਨ 28 ਜਨਵਰੀ ਨੂੰ ਨਜ਼ਰ ਆਵੇਗਾ। ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਅਗਲੇ 24 ਘੰਟਿਆਂ 'ਚ ਪੰਜਾਬ, ਹਰਿਆਣਾ, ਰਾਜਸਥਾਨ, ਨਵੀਂ ਦਿੱਲੀ ਤੇ ਪੱਛਮੀ ਉਤਰ ਪ੍ਰਦੇਸ਼ 'ਚ ਤੇਜ਼ ਹਵਾਵਾਂ ਨਾਲ ਮੱਧਮ ਬਾਰਸ਼ ਹੋਵੇਗੀ। ਇਥੇ ਇਕ ਜਾਂ ਦੋ ਥਾਵਾਂ 'ਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ।
Rain
ਉਧਰ ਅੱਜ ਵੀ ਪੰਜਾਬ ਦੇ ਕਈ ਹਲਕਿਆਂ 'ਚ ਹਲਕੀ ਬਾਰਸ਼ ਦੀਆਂ ਖ਼ਬਰਾਂ ਮਿਲੀਆਂ ਹਨ। ਹਲਕਾ ਬਾਘਾ ਪੁਰਾਣਾ 'ਚ ਅੱਜ ਸਵੇਰੇ ਕਰੀਬ 8 ਵਜੇ ਤੋਂ ਲਗਾਤਾਰ ਹੋ ਰਹੀ ਕਿਣਮਿਣ ਨੇ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਮੋਗਾ ਜ਼ਿਲ੍ਹੇ ਦੇ ਹੋਰ ਇਲਾਕਿਆਂ 'ਚੋਂ ਵੀ ਹਲਕੀ ਕਿਣਮਿਣ ਦੀ ਖ਼ਬਰ ਹੈ। ਦੂਜੇ ਪਾਸੇ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਤੋਂ ਵੀ ਹਲਕੀ ਬਾਰਸ਼ ਦੀਆਂ ਖ਼ਬਰਾਂ ਹਨ।
Rain
ਅਗਰ ਹਲਕੀ ਕਿਣਮਿਣ ਵੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਠੰਢ ਵਧੇਗੀ। ਉਧਰ ਹਿਮਾਚਲ ਪ੍ਰਦੇਸ਼ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸੂਬੇ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਮੌਸਮ ਦਾ ਮਿਜ਼ਾਜ 29 ਜਨਵਰੀ ਤਕ ਵਿਗੜਿਆ ਰਹੇਗਾ।