ਗਣਤੰਤਰ ਦਿਵਸ ਮੌਕੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ...
ਜਲੰਧਰ: ਪੰਜਾਬ ਵਿਚ ਹੁਣ ਕਈ ਦਿਨ ਹੋ ਗਏ ਹਨ ਲਗਾਤਾਰ ਧੁੱਪ ਨਿਕਲ ਰਹੀ ਹੈ। ਇਸ ਨਾਲ ਲੋਕਾਂ ਨੂੰ ਠੰਡ ਤੋਂ ਕੁੱਝ ਰਾਹਤ ਮਿਲੀ ਹੈ ਪਰ ਸੁੱਕੀ ਠੰਡ ਅਜੇ ਵੀ ਬਰਕਰਾਰ ਹੈ। ਹੁਣ ਧੁੰਦ ਤਾਂ ਘਟ ਪੈਂਦੀ ਹੈ ਪਰ ਠੰਡ ਦਾ ਪ੍ਰਕੋਪ ਜਾਰੀ ਹੈ। ਹਾਲ ਹੀ ਵਿਚ ਮੌਸਮ ਵਿਭਾਗ ਨੇ ਮੌਸਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਗਣਤੰਤਰ ਦਿਵਸ ਮੌਕੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸੋਮਵਾਰ ਨੂੰ ਸੂਬੇ 'ਚ ਕਈ ਥਾਈਂ ਮੀਂਹ ਵੀ ਪੈ ਸਕਦਾ ਹੈ। ਇਹ ਭਵਿੱਖ-ਬਾਣੀ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਆਉਂਦੇ ਸੋਮਵਾਰ ਤੋਂ ਮੰਗਲਵਾਰ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਸੰਘਣੀ ਧੁੰਦ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਨਾਲ ਦਿਨ ਦੇ ਤਾਪਮਾਨ ਅਤੇ ਰਾਤ ਦੇ ਤਾਪਮਾਨ ਵਿਚ ਹੋਰ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਸੂਬਾ ਵਾਸੀਆਂ ਨੂੰ ਜਨਵਰੀ ਮਹੀਨੇ ਦੇ ਅਖੀਰ ਤੱਕ ਠੰਡ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੇਗੀ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁੱਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਗਣਤੰਤਰ ਦਿਹਾੜੇ ਮੌਕੇ ਸੰਘਣੀ ਧੁੰਦ ਪੈਣ ਦੇ ਆਸਾਰ ਹਨ।
ਜਦਕਿ ਦੂਜੇ ਪਾਸੇ ਸੋਮਵਾਰ ਤੋਂ ਲੈ ਕੇ ਮੰਗਲਵਾਰ ਤੱਕ ਪੰਜਾਬ ਦੇ ਕਈ ਹਿੱਸਿਆਂ ਵਿਚ ਮੀਂਹ ਪੈ ਸਕਦਾ ਹੈ ਜਿਸ ਨਾਲ ਘੱਟੋ-ਘੱਟ ਪਾਰੇ ਵਿਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਸੂਬਾ ਵਾਸੀਆਂ ਨੂੰ ਸਵੇਰੇ ਅਤੇ ਸ਼ਾਮ ਵੇਲੇ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਮੌਸਮ ਬਹੁਤਾ ਸਾਫ ਹੋਣ ਦੀ ਉਮੀਦ ਨਹੀਂ ਹੈ, ਠੰਢ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਧੁੰਦ ਤੇ ਕੋਹਰੇ 'ਚ ਵੀ ਵਾਧਾ ਹੋਵੇਗਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਚੇ ਪਹਾੜੀ ਇਲਾਕਿਆਂ ਲਾਹੌਲ-ਸਪਿਤੀ ਤੇ ਕਿਨੌਰ ਜ਼ਿਲ੍ਹਿਆਂ ਵਿੱਚ ਭਲਕੇ ਬਰਫ਼ਬਾਰੀ ਹੋ ਸਕਦੀ ਹੈ, ਜਦਕਿ ਸ਼ਿਮਲਾ, ਕੁਫ਼ਰੀ ਤੇ ਮਨਾਲੀ ਵਿੱਚ ਦੋ ਤੇ ਤਿੰਨ ਜਨਵਰੀ ਨੂੰ ਬਰਫ਼ ਪੈਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਧੁੱਪ ਨਿਕਲਣ ਦੇ ਬਾਵਜੂਦ ਰਾਤ ਨੂੰ ਪੰਜਾਬ ਵਿੱਚ ਪਾਰਾ ਬੇਹੱਦ ਡਿੱਗ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।