
26 ਦੀ ਹਿੰਸਾ ਦੇ ਮੱਦੇਨਜ਼ਰ ਕਿਸਾਨ ਮੋਰਚੇ ਵਲੋਂ ਫ਼ਿਲਹਾਲ ਸੰਸਦ ਮਾਰਚ ਮੁਲਤਵੀ
ਚੰਡੀਗੜ੍ਹ, 27 ਜਨਵਰੀ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਨੂੰ ਦਿੱਲੀ ਵਿਚ ਲਾਲ ਕਿਲ੍ਹੇ ’ਤੇ ਹੋਏ ਘਟਨਾ¬ਕ੍ਰਮ ਤੇ ਹੋਈ ਹਿੰਸਾ ਦੇ ਮੱਦੇਨਜ਼ਰ ਸਥਿਤੀਆਂ ਨੂੰ ਧਿਆਨ ਵਿਚ ਰਖਦੇ ਹੋਏ ਪਹਿਲੀ ਫ਼ਰਵਰੀ ਦਾ ਸੰਸਦ ਵੱਲ ਪੈਦਲ ਮਾਰਚ ਦਾ ਪ੍ਰੋਗਰਾਮ ਫ਼ਿਲਹਾਲ ਮੁਲਤਵੀ ਕਰ ਦਿਤਾ ਗਿਆ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਨੁਸਾਰ ਅਗਲੀ ਮੀਟਿੰਗ ਵਿਚ ਇਸ ਮਾਰਚ ਬਾਰੇ ਨਵਾਂ ਫ਼ੈਸਲਾ ਲਿਆ ਜਾਵੇਗਾ।
ਮੋਰਚੇ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਜਾਰੀ ਰੱਖਣ ਅਤੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਦਿਨ ਮੌਕੇ ਇਕ ਦਿਨ ਦੀ ਭੁੱਖ ਹੜਤਾਲ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦਿੱਲੀ ਦੇ ਘਟਨਾ¬ਕ੍ਰਮ ਲਈ ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਇਹ ਇਕ ਸਰਕਾਰੀ ਸਾਜ਼ਸ਼ ਸੀ ਤਾਂ ਜੋ ਅੰਦੋਲਨ ਨੂੰ ਢਾਹ ਲਾਈ ਜਾ ਸਕੇ। ਯਾਦਵ ਨੇ ਕਿਹਾ ਕਿ ਮੋਰਚਾ ਇਸ ਦੀ ਨੈਤਿਕ ਤੌਰ ’ਤੇ ਜ਼ਿੰਮੇਵਾਰੀ ਲੈਂਦਿਆਂ ਦੇਸ਼ ਦੇ ਲੋਕਾਂ ਤੋਂ ਮਾਫ਼ੀ ਵੀ ਮੰਗਦਾ ਹੈ।