
ਰਾਜਸਥਾਨ: ਸੜਕ ਹਾਦਸੇ ’ਚ ਇਕੋ ਪਰਵਾਰ ਦੇ 8 ਜੀਆਂ ਦੀ ਮੌਤ
ਮਰਨ ਵਾਲਿਆਂ ਵਿਚ ਚਾਰ ਪੁਰਸ਼, ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ
ਜੈਪੁਰ, 27 ਜਨਵਰੀ: ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿਚ ਇਕ ਦਰਦਨਾਕ ਸੜਕ ਹਾਦਸੇ ਵਿਚ ਇਕੋ ਪਰਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ।
ਸਦਰ ਥਾਣਾ ਇਲਾਕੇ ਵਿਚ ਦੇਰ ਨਾਲ ਇਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਅਤੇ ਜੀਪ ਵਿਚਕਾਰ ਟੱਕਰ ਹੋ ਗਈ, ਜਿਸ ਵਿਚ ਮੱਧ ਪ੍ਰਦੇਸ਼ ਦੇ ਇਕੋ ਪਰਵਾਰ ਨਾਲ ਸਬੰਧਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ।
ਇਸ ਸੜਕ ਹਾਦਸੇ ਵਿਚ ਚਾਰ ਲੋਕ ਜ਼ਖ਼ਮੀ ਵੀ ਹੋਏ ਹਨ। ਹਾਲਾਂਕਿ, ਤਿੰਨ ਸਾਲਾਂ ਦੀ ਬੱਚੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਜ਼ਖ਼ਮੀਆਂ ਦੇ ਇਲਾਜ ਲਈ ਉਨ੍ਹਾਂ ਨੂੰ ਜੈਪੁਰ ਰੈਫ਼ਰ ਕੀਤਾ ਗਿਆ ਹੈ। ਸੜਕ ਹਾਦਸੇ ਵਿਚ ਮਰਨ ਵਾਲਿਆਂ ਵਿਚ ਚਾਰ ਪੁਰਸ਼, ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਇਹ ਪਰਵਾਰ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਿਹਾ ਸੀ। ਇਹ ਹਾਦਸਾ ਨੈਸ਼ਨਲ ਹਾਈਵੇਅ 52 ’ਤੇ ਪੱਕਾ ਬੰਧਾ ਇਲਾਕੇ ’ਚ ਵਾਪਰਿਆ। ਇਸ ਵਿਚ ਯਾਤਰੀ ਗੱਡੀ ਪੁਲ ਦੀ ਕੰਧ ਨਾਲ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਗੱਡੀ ਵਿਚ ਸਵਾਰ ਲੋਕ ਫਸ ਗਏ, ਜਿਸ ਕਾਰਨ ਹਾਦਸੇ ਵਿਚ ਕੁਝ ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਗਿਆ। ਕੁਝ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ। (ਏਜੰਸੀ)