
ਕਿਸਾਨਾਂ ਆਗੂਆਂ ਦੇੇ ਵਾਅਦਾ ਤੋੜਨ ਨਾਲ ਹੋਈ ਹਿੰਸਾ: ਦਿੱਲੀ ਪੁਲਿਸ ਕਮਿਸ਼ਨਰ
ਕਿਹਾ, ਹਿੰਸਾ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਨਵੀਂ ਦਿੱਲੀ, 27 ਜਨਵਰੀ: 26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਉੱਤੇ ਬੁਧਵਾਰ ਨੂੰ ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ ਪ੍ਰੈਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਜਾਣਕਾਰੀਆਂ ਸਾਂਝਾ ਕਰਦਿਆਂ ਕਈ ਗੱਲਾਂ ਦਸੀਆਂ ਜੋ ਹਿੰਸਾ ਦਾ ਕਾਰਨ ਬਣੀਆਂ। ਉਨ੍ਹਾਂ ਨੇ ਦਸਿਆ ਕਿ ਕਿਸਾਨ ਆਗੂਆਂ ਨੂੰ ਦਸਿਆ ਗਿਆ ਸੀ ਕਿ ਤਿੰਨ ਰਸਤੇ ਤੈਅ ਹੋ ਚੁਕੇ ਹਨ। ਰੈਲੀ ਦੁਪਹਿਰ 12 ਵਜੇ ਤੋਂ ਬਾਅਦ ਹੋਣੀ ਸੀ ਪਰ ਕਿਸਾਨ ਰੈਲੀ ਨੂੰ ਕੱਢਣ ਲਈ ਪਹਿਲਾਂ ਹੀ ਇਕੱਠੇ ਹੋ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਆਗੂ ਸਤਨਾਮ ਸਿੰਘ ਪੰਨੂੰ ਦੇ ਭਾਸ਼ਣ ਤੋਂ ਬਾਅਦ ਭੀੜ ਹਿੰਸਕ ਹੋ ਗਈ, ਜਿਸ ਕਾਰਨ ਮੁਕਾਰਬਾ ਚੌਕ ਵਿਖੇ ਹਿੰਸਾ ਹੋਈ। ਇਸ ਵਿਚ ਉਨ੍ਹਾਂ ਨੇ ਦਸਿਆ ਕਿ 25 ਜਨਵਰੀ ਦੀ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਕਿ ਕਿਸਾਨ ਅਪਣੇ ਵਾਅਦੇ ਤੋਂ ਮੁਕਰ ਰਹੇ ਹਨ। ਉਨ੍ਹਾਂ ਨੇ ਹਿੰਸਕ ਲੋਕਾਂ ਨੂੰ ਅੱਗੇ ਕਰ ਦਿਤਾ। ਸਟੇਜ ਉੱਤੇ ਵੀ ਜਿਹੇ ਲੋਕਾਂ ਦਾ ਹੀ ਕਬਜ਼ਾ ਹੋ ਗਿਆ। ਉਨ੍ਹਾਂ ਨੇ ਭੜਕਾਉ ਭਾਸ਼ਣ ਦਿਤੇ। ਇਸ ਨਾਲ ਉਨ੍ਹਾਂ ਦੇ ਇਰਾਦੇ ਸਾਫ਼ ਹੋ ਗਏ ਸਨ। ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ਼੍ਰੀਵਾਸਤਵ ਨੇ ਕਿਹਾ ਕਿ 19 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 50 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਵਲੋਂ 25 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਅਸੀਂ ਦੋਸ਼ੀ ਦੀ ਪਛਾਣ ਕਰਨ ਲਈ ਚਿਹਰੇ ਦੀ ਪਛਾਣ ਪ੍ਰਣਾਲੀ ਦੀ ਵਰਤੋਂ ਕਰ ਰਹੇ ਹਾਂ ਅਤੇ ਸੀਸੀਟੀਵੀ ਅਤੇ ਵੀਡੀਉ ਫੁਟੇਜ ਦੀ ਮਦਦ ਲੈ ਰਹੇ ਹਾਂ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹਿੰਸਾ ਵਿਚ 394 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਉਨ੍ਹਾਂ ਵਿਚੋਂ ਕਈ ਅਜੇ ਵੀ ਹਸਪਤਾਲਾਂ ਵਿਚ ਦਾਖ਼ਲ ਹਨ। (ਏਜੰਸੀ)