
ਮੁਲਜ਼ਮਾਂ ਵਿਰੁਧ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਬਹਿਸ ਦੀ ਸੁਣਵਾਈ 11 ਫ਼ਰਵਰੀ ਤਕ ਮੁਲਤਵੀ
ਫ਼ਰੀਦਕੋਟ, 28 ਜਨਵਰੀ (ਗੁਰਿੰਦਰ ਸਿੰਘ) : ਭਾਵੇਂ ਪੰਜਾਬ ਭਰ ਵਿਚ ਚੋਣ ਸਰਗਰਮੀਆਂ ਦੀ ਚਰਚਾ ਜ਼ੋਰਾਂ ’ਤੇ ਹੈ ਅਤੇ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਨਜ਼ਰਾਂ ਪੰਜਾਬ ਦੀਆਂ ਚੋਣਾਂ ਉਪਰ ਹੀ ਟਿਕੀਆਂ ਹੋਈਆਂ ਹਨ ਪਰ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਬਰਗਾੜੀ ਅਤੇ ਬਹਿਬਲ ਵਿਖੇ ਮੋਰਚੇ ਵੀ ਜਾਰੀ ਹਨ ਤੇ ਅਦਾਲਤ ਵਿਚ ਬੇਅਦਬੀ ਮਾਮਲਿਆਂ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਵੀ ਲਗਾਤਾਰ ਜਾਰੀ ਹੈ।
ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ 14 ਅਕਤੂਬਰ 2015 ਨੂੰ ਢਾਹੇ ਗਏ ਪੁਲਿਸੀਆ ਅੱਤਿਆਚਾਰ ਵਾਲੇ ਬਹਿਬਲ ਕਲਾਂ ਗੋਲੀਕਾਂਡ ਦੀ ਅੱਜ ਇਥੇ ਵਧੀਕ ਸੈਸ਼ਨ ਜੱਜ ਹਰਬੰਸ ਸਿੰੰੰਘ ਲੇਖੀ ਦੀ ਅਦਾਲਤ ਵਿਚ ਮੁਲਜ਼ਮਾਂ ਵਿਰੁਧ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਬਹਿਸ ਹੋਣੀ ਸੀ ਪਰ ਉਕਤ ਕੇੇਸ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ ਅਦਾਲਤ ਵਿਚ ਪੇਸ਼ ਨਹੀਂ ਹੋਏ, ਇਨ੍ਹਾਂ ਦੀ ਹਾਜਰੀ ਤੋਂ ਛੋਟ ਦਿਤੀ ਗਈ। ਜਾਣਕਾਰੀ ਅਨੁਸਾਰ ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਐਸ.ਪੀ. ਬਿਕਰਮਜੀਤ ਸਿੰਘ, ਸਾਬਕਾ ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਅਦਾਲਤ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਉਕਤ ਘਟਨਾ ਵਿਚ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਅਨੇਕਾਂ ਨਿਰਦੋਸ਼ ਸਿੱਖ ਸੰਗਤਾਂ ਜ਼ਖ਼ਮੀ ਹੋ ਗਈਆਂ, ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਪੁਲਿਸ ਉਪਰ ਮਿ੍ਰਤਕ ਸਰੀਰਾਂ ਵਿਚੋਂ ਨਿਕਲੀਆਂ ਗੋਲੀਆਂ ਟੈਂਪਰ ਕਰਨ ਦੇ ਦੋਸ਼ ਲੱਗੇ, ਅਸਲ ਸਬੂਤ ਮਿਟਾ ਕੇ ਨਕਲ ਸਬੂਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਾਲੇ ਅਨੇਕਾਂ ਮਾਮਲੇ ਜਾਂਚ ਏਜੰਸੀਆਂ ਨੇ ਜਨਤਕ ਕੀਤੇ। ਹੁਣ ਉਕਤ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ ਅਦਾਲਤ ਨੇ 11 ਫ਼ਰਵਰੀ ਨਿਸ਼ਚਿਤ ਕੀਤੀ ਹੈ।