
5ਜੀ ਮਾਮਲੇ ’ਚ ਜੂਹੀ ਚਾਵਲਾ ਨੂੰ ਵੱਡੀ ਰਾਹਤ, ਦਿੱਲੀ ਹਾਈ ਕੋਰਟ ਨੇ ਜੁਰਮਾਨਾ 90 ਫ਼ੀ ਸਦੀ ਘਟਾਇਆ
ਨਵੀਂ ਦਿੱਲੀ, 27 ਜਨਵਰੀ : ਦਿੱਲੀ ਹਾਈ ਕੋਰਟ ਨੇ 5ਜੀ ਮਾਮਲੇ ’ਚ ਬਾਲੀਵੁਡ ਅਦਾਕਾਰਾ ਜੂਹੀ ਚਾਵਲਾ ਨੂੰ ਵਡੀ ਰਾਹਤ ਦਿਤੀ ਹੈ। ਹਾਈ ਕੋਰਟ ਨੇ ਵੀਰਵਾਰ ਨੂੰ ਜੂਹੀ ’ਤੇ ਲਗਾਏ ਗਏ 20 ਲੱਖ ਦੇ ਜੁਰਮਾਨੇ ’ਚ 90 ਫ਼ੀ ਸਦੀ ਦੀ ਕਮੀ ਕਰ ਦਿਤੀ ਹੈ। ਹੁਣ ਜੂਹੀ ਨੂੰ ਜੁਰਮਾਨੇ ਵਜੋਂ 2 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਜੂਹੀ ਦੇ ਨਾਲ-ਨਾਲ ਦੋ ਹੋਰਾਂ ’ਤੇ ਜੁਰਮਾਨਾ ਵੀ ਘਟਾ ਕੇ 2 ਲੱਖ ਰੁਪਏ ਕਰ ਦਿਤਾ ਗਿਆ ਹੈ।
ਇਸ ਦੇ ਨਾਲ ਹੀ ਹਾਈ ਕੋਰਟ ਨੇ 5ਜੀ ਵਾਇਰਲੈੱਸ ਨੈੱਟਵਰਕ ਦੀ ਸਥਾਪਨਾ ਦੇ ਖ਼ਿਲਾਫ਼ ਦਾਇਰ ਮੁਕੱਦਮੇ ਨੂੰ ਖ਼ਾਰਜ ਕਰਦੇ ਹੋਏ ਸਿੰਗਲ ਜਜ ਵਲੋਂ ਕੀਤੀਆਂ ਗਈਆਂ ਟਿਪਣੀਆਂ ਨੂੰ ਵੀ ਰੱਦ ਕਰ ਦਿਤਾ। ਜੂਹੀ ਨੇ 5ਜੀ ਨੈੱਟਵਰਕ ਵਿਰੁਧ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ’ਤੇ ਵੀ ਬੁਰਾ ਪ੍ਰਭਾਵ ਪਵੇਗਾ। ਇਸ ’ਤੇ ਹਾਈਕੋਰਟ ਦੇ ਸਿੰਗਲ ਬੈਂਚ ਨੇ ਇਸ ਮਾਮਲੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਅਭਿਨੇਤਰੀ ਵਲੋਂ ਪਬਲੀਸਿਟੀ ਲਈ ਕੀਤਾ ਗਿਆ ਜਾਪਦਾ ਹੈ, ਇਸਦੇ ਨਾਲ ਹੀ ਕੋਰਟ ਨੇ ਜੂਹੀ ’ਤੇ 20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ।
ਇਸ ਤੋਂ ਬਾਅਦ ਮਾਮਲਾ ਹਾਈਕੋਰਟ ਦੇ ਡਬਲ ਬੈਂਚ ਕੋਲ ਪਹੁੰਚਿਆ ਅਤੇ ਉਨ੍ਹਾਂ ਨੇ ਜੂਹੀ ’ਤੇ ਲਗਾਏ ਗਏ ਜੁਰਮਾਨੇ ਨੂੰ ਘਟਾ ਕੇ ਦੋ ਲੱਖ ਕਰਨ ਦੀ ਗੱਲ ਕਹੀ ਪਰ ਇਸ ਲਈ ਇਕ ਸਰਤ ਵੀ ਰੱਖੀ। ਅਦਾਲਤ ਨੇ ਕਿਹਾ ਕਿ ਜੁਰਮਾਨਾ ਘੱਟ ਕੀਤਾ ਜਾ ਸਕਦਾ ਹੈ ਪਰ ਇਸ ਦੇ ਲਈ ਜੂਹੀ ਨੂੰ ਕੁੱਝ ਕੰਮ ਕਰਨਾ ਹੋਵੇਗਾ।
ਅਦਾਲਤ ਨੇ ਕਿਹਾ ਕਿ ਕਿਉਂਕਿ ਉਹ ਇਕ ਅਦਾਕਾਰਾ ਹੈ ਅਤੇ ਅਜਿਹੀ ਸਥਿਤੀ ਵਿਚ ਹੁਣ ਉਸ ਨੂੰ ਸਮਾਜਕ ਕੰਮ ਕਰਨਾ ਪਵੇਗਾ। ਇਸੇ ਸ਼ਰਤ ’ਤੇ ਜੁਰਮਾਨਾ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅਦਾਲਤ ਨੇ ਦਿੱਲੀ ਦੀ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਨੂੰ ਵੀ ਨੋਟਿਸ ਜਾਰੀ ਕਰ ਕੇ ਅਪੀਲ ’ਤੇ ਜਵਾਬ ਮੰਗਿਆ ਸੀ।
ਸੁਣਵਾਈ ਦੌਰਾਨ ਜੂਹੀ ਦੇ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ ਨੇ ਵੀ ਸਮਾਜਕ ਕੰਮ ਕਰਨ ਦੀ ਹਾਮੀ ਭਰੀ ਸੀ। ਹੁਣ ਵੀਰਵਾਰ ਨੂੰ ਸੁਣਵਾਈ ਦੌਰਾਨ ਜੂਹੀ ਦੀ ਸਹਿਮਤੀ ਤੋਂ ਬਾਅਦ ਹਾਈਕੋਰਟ ਨੇ ਜੁਰਮਾਨੇ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕਰ ਦਿਤੀ ਹੈ। (ਏਜੰਸੀ)