
ਗਿਰਿਡੀਹ ’ਚ ਨਕਸਲੀਆਂ ਨੇ ਉਡਾਈ ਰੇਲਵੇ ਲਾਈਨ, 6 ਘੰਟੇ ਬਾਅਦ ਮੁੜ ਸ਼ੁਰੂ ਹੋਈ ਆਵਾਜਾਈ
ਗਿਰਿਡੀਹ, 27 ਜਨਵੀਰ : ਸੀ.ਪੀ.ਆਈ.-ਮਾਓਵਾਦੀ ਦੇ ਕੱਟੜਪੰਥੀਆਂ ਨੇ 24 ਘੰਟੇ ਦੇ ਅਪਣੇ ਬਿਹਾਰ-ਝਾਰਖੰਡ ਬੰਦ ਦੌਰਾਨ ਬੀਤੀ ਰਾਤ ਕਰੀਬ ਸਾਢੇ 12 ਵਜੇ ਹਾਵੜਾ-ਨਵੀਂ ਦਿੱਲੀ ਰੂਟ ’ਤੇ ਧਨਬਾਦ-ਗਯਾ ਰੇਲਵੇ ਲਾਈਨ ’ਤੇ ਧਮਾਕੇ ਕਰ ਕੇ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਕਰੀਬ ਸਾਡੇ 6 ਘੰਟੇ ਤਕ ਰੇਲ ਆਵਾਜਾਈ ਬੰਦ ਰਹੀ ਅਤੇ ਅੱਜ ਸਵੇਰੇ ਕਰੀਬ 6.30 ਵਜੇ ਆਵਾਜਾਈ ਸ਼ੁੁਰੂ ਹੋਈ।
ਰੇਲਵੇ ਸੁਰੱਖਿਆ ਬਲ ਦੇ ਸੀਨੀਅਰ ਕਮਾਂਡੈਂਟ ਹੇਮੰਤ ਕੁਮਾਰ ਨੇ ਦਸਿਆ ਕਿ ਧਮਾਕੇ ਦੀ ਸੂਚਨਾ ਮਿਲਣ ’ਤੇ ਚੀਚਾਕੀ ਤੋਂ ਚੌਧਰੀ ਡੈਮ ਰੇਲਵੇ ਸਟੇਸ਼ਨ ਦੇ ਵਿਚਕਾਰ ਕਰੀਬ 12.30 ਵਜੇ ਰੇਲ ਆਵਾਜਾਈ ਰੋਕ ਦਿਤੀ ਗਈ ਸੀ ਅਤੇ ਅੱਜ ਸਵੇਰੇ 6.30 ਵਜੇ ਟਰੈਕ ਨੂੰ ਠੀਕ ਕਰਨ ਤੋਂ ਬਾਅਦ ਰੇਲ ਸੰਚਾਲਨ ਬਹਾਲ ਕਰ ਦਿਤਾ ਗਿਆ। ਹੇਮੰਤ ਨੇ ਕਿਹਾ, ‘‘ਧਮਾਕੇ ਕਾਰਨ ਟ੍ਰੈਕ ਦੀ ਪੈਨਲ ਕਲਿੱਪ ਟੁੱਟ ਗਈ ਸੀ। ਰੇਲਵੇ ਟਰੈਕ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਇਆ। ਅੱਜ ਨਕਸਲੀਆਂ ਨੇ ਝਾਰਖੰਡ ਅਤੇ ਬਿਹਾਰ ਵਿਚ 24 ਘੰਟੇ ਦਾ ਬੰਦ ਰਖਿਆ।’’
ਪੁਲਿਸ ਅਧਿਕਾਰੀ ਅਮਿਤ ਰੇਣੁ ਰਾਤ ਵਿਚ ਹੀ ਮੌਕੇ ’ਤੇ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿਤੇ ਹਨ। ਇਸ ਘਟਨਾ ਦੇ ਬਾਅਦ ਨਵੀਂ ਦਿੱਲੀ ਹਾਵੜਾ ’ਤੇ ਇਕ ਦਰਜਨ ਟਰੇਨਾਂ ਨੂੰ ਅੱਧ ਵਿਚਕਾਰ ਰੋਕਣਾ ਪਿਆ ਅਤੇ ਕਈ ਰਾਜਧਾਨੀਆਂ ਸਮੇਤ ਦਰਜਨਾਂ ਟਰੇਨਾਂ ਦਾ ਰੂਟ ਬਦਲਨਾ ਪਿਆ। ਨਕਸਲੀ ਕਮਾਂਡਰ ਪ੍ਰਸ਼ਾਂਤ ਬੋਸ ਅਤੇ ਉਸ ਦੀ ਪਤਨੀ ਸ਼ੀਲਾ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ। (ਏਜੰਸੀ)