
ਖਨੌਰੀ ਬਾਰਡਰ ’ਤੇ ਡੱਲੇਵਾਲ ਦਾ ਮਰਨ ਵਰਤ 64ਵੇਂ ਦਿਨ 'ਚ ਦਾਖ਼ਲ
Jagjit Singh Dallewal: ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 64ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ’ਚ 12 ਤੋਂ 1.30 ਵਜੇ ਤਕ ਕਿਸਾਨਾਂ ਦੇ ਟਰੈਕਟਰ ਸੜਕਾਂ ਉਪਰ ਰਹੇ। ਉਥੇ ਹੀ ਖਨੌਰੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਖਨੌਰੀ ਬਾਰਡਰ ਤੋਂ ਟੋਲ ਟੈਕਸ ਤਕ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਟਰੈਕਟਰਾਂ ਨੂੰ ਹਾਈਵੇ ’ਤੇ ਘੁਮਾਇਆ ਗਿਆ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਖੋਸਾ, ਲਖਵਿੰਦਰ ਸਿੰਘ ਔਲਖ, ਸੁਖਦੇਵ ਸਿੰਘ ਭੋਜਰਾਜ, ਗੁਰਦਾਸ ਸਿੰਘ ਕਿਲਿਆਂਵਾਲੀ, ਗੁਰਿੰਦਰ ਸਿੰਘ ਭੰਗੂ ਨੇ ਕੀਤਾ। ਆਉਣ ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ’ਤੇ 11 ਫ਼ਰਵਰੀ ਨੂੰ ਰਤਨਪੁਰਾ ਮੋਰਚੇ ਉਪਰ, 12 ਨੂੰ ਦਾਤਾਸਿੰਘ ਵਾਲਾ-ਖਨੌਰੀ ਮੋਰਚੇ ’ਤੇ ਅਤੇ 13 ਨੂੰ ਸ਼ੰਭੂ ਮੋਰਚੇ ’ਤੇ ਕਿਸਾਨਾਂ ਦੀਆਂ ਵੱਡੀਆਂ ਮਹਾਂਪੰਚਾਇਤਾਂ ਕੀਤੀਆ ਜਾਣਗੀਆ ਜਿਸ ਵਿਚ ਲੱਖਾਂ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਡੱਲੇਵਾਲ ਦੀ ਸਿਹਤਯਾਬੀ ਤੇ ਸੰਘਰਸ਼ ਦੀ ਸਫ਼ਲਤਾ ਲਈ ਅੱਜ ਯਾਨੀ ਕਿ 28 ਜਨਵਰੀ ਨੂੰ ਅਖੰਡ ਪਾਠ ਅਰੰਭ ਕੀਤੇ ਜਾ ਰਹੇ ਹਨ। ਅੱਜ ਹੀ ਡੱਲੇਵਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ।