
ਰਾਹੁਲ ਗਾਂਧੀ 7 ਮਾਰਚ ਨੂੰ ਮੋਗਾ ਪਹੁੰਚਣਗੇ, ਮੌਜੂਦਾ 2 ਮੰਤਰੀ ਤੇ 4 ਵਿਧਾਇਕ ਟਿਕਟਾਂ ਦੀ ਦੌੜ ਵਿਚ ਅੱਗੇ
ਚੰਡੀਗੜ੍ਹ : ਗੁਆਂਢੀ ਮੁਲਕ ਪਾਕਿਸਤਾਨ ਨਾਲ ਚਲ ਰਹੇ ਖਿੱਚੋਤਾਣ ਅਤੇ ਹੋ ਰਹੇ ਹਵਾਈ ਹਮਲਿਆਂ ਤੋਂ ਵਿਗੜੇ ਹਾਲਾਤ ਦੇ ਮੱਦੇਨਜ਼ਰ ਭਾਵੇਂ ਕਾਂਗਰਸ ਪਾਰਟੀ, ਲੋਕ ਸਭਾ ਚੋਣਾਂ ਲਈ ਚਿੰਤਾ ਵਿਚ ਪੈ ਗਈ ਹੈ ਪਰ ਪੰਜਾਬ ਕਾਂਗਰਸ ਦੇ ਨੇਤਾ ਇਨ੍ਹਾਂ ਚੋਣਾਂ ਵਿਚ ਸੂਬੇ ਦੀਆਂ 13 ਅਤੇ ਰਾਜਧਾਨੀ ਦੀ ਸੀਟ ਮਿਲਾ ਕੇ ਸਾਰੀਆਂ ਸੀਟਾਂ 'ਤੇ ਕਾਬਜ਼ ਹੋਣ ਦੀ ਤਿਆਰੀ ਕਰੀ ਬੈਠੇ ਹਨ। ਉਂਜ ਤਾਂ ਟਿਕਟਾਂ ਵਾਸਤੇ ਅਰਜ਼ੀਆਂ ਭੇਜਣ ਵਾਲਿਆਂ ਦੀ ਗਿਣਤੀ 180 ਤੋਂ ਵੀ ਵੱਧ ਚੁਕੀ ਹੈ ਅਤੇ ਕਾਂਗਰਸ ਦੇ ਹੱਕ ਵਿਚ ਹਵਾ ਦਾ ਰੁਖ਼ ਜਿੱਤ ਵਲ ਦੇਖਦਿਆਂ ਪਾਰਟੀ ਨੇ ਪ੍ਰਤੀ ਉਮੀਦਵਾਰ 35,000 ਰੁਪਏ ਦੇ ਰੇਟ ਨਾਲ ਕੁਲ 63 ਲੱਖ ਤੋਂ ਵੱਧ ਦੀ ਰਕਮ ਇਕੱਠੀ ਕਰ ਲਈ ਹੈ
ਪਰ ਜ਼ਮੀਨੀ ਸੱਚਾਈ ਦਿਨੋਂ ਦਿਨ ਬਦਲਣ ਦਾ ਡਰ, ਫ਼ਿਲਹਾਲ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਦੇ ਨੇਤਾਵਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਭਵਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਲਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਗੁਰਦਾਸਪੁਰ ਤੋਂ ਐਮ.ਪੀ. ਸੁਨੀਲ ਜਾਖੜ ਤੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ, ਮੋਗਾ ਪਹੁੰਚ ਰਹੇ ਹਨ ਜਿਥੇ ਉਹ 7 ਮਾਰਚ ਨੂੰ ਰਾਹੁਲ ਗਾਂਧੀ ਵਲੋਂ ਕੀਤੀ ਜਾਣ ਵਾਲੀ ਚੋਣ ਰੈਲੀ ਵਾਸਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ
ਕਿ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਾਸਤੇ ਪਿਛਲੇ ਦੋ ਸਾਲਾਂ ਦੀ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਵਿਸ਼ੇਸ਼ ਤੌਰ 'ਤੇ ਕਿਸਾਨੀ ਕਰਜ਼ੇ ਮਾਫ਼ ਕਰਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਵਧੀਆ ਕਾਨੂੰਨ ਵਿਵਸਥਾ ਕਾਇਮ ਕਰਨ ਵਜੋਂ, ਵੋਟਰਾਂ ਤੋਂ ਅਪਣੇ ਹੱਕ ਵਿਚ ਫਤਵਾ ਮੰਗੇਗੀ। ਇਨ੍ਹਾਂ ਨੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਮਾਰਚ 2017 'ਚ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਕਰ ਕੇ ਹੀ ਮੁਲਕ ਵਿਚ ਪਾਰਟੀ ਦੇ ਹੱਕ 'ਚ ਹਵਾ ਬਦਲੀ ਹੈ ਜਿਸ ਕਰ ਕੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਰਾਜਾਂ 'ਚ ਵੀ ਬੀ.ਜੇ.ਪੀ. ਨੂੰ ਮਾਤ ਦੇ ਕੇ ਕਾਂਗਰਸ ਸੱਤਾ ਵਿਚ ਆਈ ਹੈ
ਅਤੇ ਹੁਣ ਲੋਕ ਸਭਾ ਚੋਣਾਂ 'ਚ ਵੀ ਪੰਜਾਬ ਦੀ ਕਾਂਗਰਸ ਸਾਰੇ ਮੁਲਕ ਵਿਚ ਕਾਂਗਰਸ ਦੇ ਹੱਕ 'ਚ ਰੁਖ ਬਦਲੇਗੀ। ਕਾਂਗਰਸੀ ਸੂਤਰਾਂ ਨੇ ਦਸਿਆ ਕਿ ਭਾਵੇਂ ਹਰ ਇਕ ਸੀਟ ਵਾਸਤੇ ਕਈ ਧੁਰੰਤਰ ਨੇਤਾ, ਸਾਬਕਾ ਤੇ ਮੌਜੂਦਾ ਮੰਤਰੀ ਅਤੇ ਵਿਧਾਇਕ ਟਿਕਟ ਦੇ ਚਾਹਵਾਨ ਹਨ ਤੇ ਹਾਈ ਕਮਾਂਡ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਤੇ ਪ੍ਰਦੇਸ਼ ਪ੍ਰਧਾਨ 'ਤੇ ਦਬਾਅ ਪਾ ਰਹੇ ਹਨ ਪਰ ਪਾਰਟੀ ਹਰ ਤਰੀਕੇ ਤੇ ਢੰਗ ਅਪਣਾਅ ਕੇ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰੇਗੀ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ, ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਤੇ ਪੰਜਾਬ ਪ੍ਰਧਾਨ ਕਿਸੇ ਵੀ ਹੋਰ ਸਿਆਸੀ ਪਾਰਟੀ ਜਾਂ ਗਠਜੋੜ ਨਾਲ ਚੋਣ ਸਮਝੌਤਾ ਨਹੀਂ ਕਰੇਗੀ
ਅਤੇ ਸਾਰੀਆਂ 14 ਸੀਟਾਂ 'ਤੇ ਅਪਣੇ ਕਾਂਗਰਸ ਦੇ ਜਿੱਤਣ ਵਾਲੇ ਉਮੀਦਵਾਰ ਹੀ ਮੈਦਾਨ 'ਚ ਉਤਾਰੇਗੀ। ਗੁਰਦਾਸਪੁਰ ਸੀਟ 'ਤੇ ਮੌਜੂਦਾ ਐਮ.ਪੀ. ਸੁਨੀਲ ਜਾਖੜ, ਅੰਮ੍ਰਿਤਸਰ ਤੋਂ ਡਾ. ਮਨਮੋਹਨ ਸਿੰਘ ਤੇ ਡਾ. ਨਵਜੋਤ ਕੌਰ ਸਿੱਧੂ, ਜਲੰਧਰ ਤੋਂ ਮੌਜੂਦਾ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਹੁਸ਼ਿਆਰਪੁਰ ਸੀਟ 'ਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦੇਣਾ ਲਗਭਗ ਨਿਸ਼ਚਿਤ ਹੈ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਲਈ ਫਿਰ ਇਕ ਵਾਰ ਅੰਬਿਕਾ ਸੋਨੀ ਜਾਂ ਉਸ ਦੇ ਪੁੱਤਰ ਅਨੂਪ ਸੋਨੀ ਜਾਂ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਮੁੱਖ ਦਾਅਵੇਦਾਰ ਹਨ ਅਤੇ ਫ਼ਤਿਹਗੜ੍ਹ ਸਾਹਿਬ ਸੀਟ ਲਈ ਸਾਬਕਾ ਵਜ਼ੀਰ ਮਲਕੀਤ ਸਿੰਘ ਦਾਖਾ
ਅਤੇ ਮੌਜੂਦਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸਪੁੱਤਰ ਨੇ ਵੀ ਟਿਕਟ ਦੀ ਅਰਜ਼ੀ ਦਿਤੀ ਹੈ, ਜਦੋਂ ਕਿ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਤੇ ਮੌਜੂਦਾ ਕਾਂਗਰਸੀ ਵਿਧਾਇਕ ਪਟਿਆਲਾ ਦੀ ਅਹਿਮ ਸੀਟ ਲਈ ਦਾਅਵੇਦਾਰ ਹਨ। ਬਠਿੰਡਾ ਸੀਟ ਲਈ ਅਕਾਲੀ ਮੰਤਰੀ ਹਰਸਿਮਰਤ ਕੌਰ ਦੇ ਮੁਕਾਬਲੇ ਵਿਚ ਕਾਂਗਰਸ ਪਾਰਟੀ, ਅਪਣੇ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਜਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ ਜਦੋਂ ਕਿ ਫ਼ਿਰੋਜ਼ਪੁਰ ਸੀਟ 'ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਜਾਂ ਉਸ ਦੇ ਪੁੱਤਰ ਅਮਨੀਤ ਸੋਢੀ ਵੱਡੇ ਦਾਅਵੇਦਾਰ ਹਨ। ਸੰਗਰੂਰ ਲੋਕ ਸਭਾ ਸੀਟ ਲਈ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ
ਤੇ ਕੇਵਲ ਢਿੱਲੋਂ ਵਿਚੋਂ ਇਕ 'ਆਪ' ਦੇ ਮੌਜੂਦਾ ਐਮ.ਪੀ. ਭਗਵੰਤ ਮਾਨ ਨਾਲ ਸਖ਼ਤ ਮੁਕਾਬਲੇ ਵਿਚ ਉਤਰਨਗੇ ਜਦੋਂ ਕਿ ਲੁਧਿਆਣਾ ਸੀਟ 'ਤੇ ਰਵਨੀਤ ਬਿੱਟੂ ਚਹੁੰ ਕੋਨੇ ਮੁਕਾਬਲੇ ਵਿਚ ਲੋਕ ਇਨਸਾਫ਼ ਪਾਰਟੀ, ਅਕਾਲੀ ਤੇ 'ਆਪ' ਉਮੀਦਵਾਰਾਂ ਨਾਲ ਭਿੜਨਗੇ। ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਅਪਣੀ ਕਿਸਮਤ ਅਜਮਾਉਣ ਵਾਸਤੇ ਕਾਂਗਰਸੀ ਟਿਕਟ ਲਈ ਜਸਬੀਰ ਡਿੰਪਾ ਨੇ ਵੀ ਪੱਗ ਬੰਨ੍ਹਣੀ ਸ਼ੁਰੂ ਕਰ ਦਿਤੀ ਹੈ ਅਤੇ ਸਾਬਕਾ ਮੰਤਰੀ ਗੁਰਚੇਤ ਭੁੱਲਰ ਨੇ ਵੀ ਟਿਕਟ ਲਈ ਦਾਅਵਾ ਕੀਤਾ ਹੈ। ਫ਼ਰੀਦਕੋਟ ਰਿਜ਼ਰਵ ਸੀਟ ਲਈ ਸਾਬਕਾ ਵਿਧਾਇਕ ਮੁਹੰਮਦ ਸਦੀਕ ਤੇ ਮੌਜੂਦਾ ਵਿਧਾਇਕ ਜੰਡਿਆਲਾ ਗੁਰੂ ਤੋਂ ਸੁਖਵਿੰਦਰ ਡੈਨੀ ਦੌੜ ਵਿਚ ਹਨ।