
ਚੰਡੀਗੜ੍ਹ : ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਬੇਸ਼ਕ ਅਜੇ ਤਕ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦਾ ਨਾਮ...
ਚੰਡੀਗੜ੍ਹ : ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਬੇਸ਼ਕ ਅਜੇ ਤਕ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਪ੍ਰੰਤੂ ਦੋਵੇਂ ਹੀ ਪਾਰਟੀਆਂ ਬਹੁਤੇ ਹਲਕਿਆਂ ਲਈ ਉਮੀਦਵਾਰਾਂ ਦਾ ਨਾਮ ਲਗਭਗ ਤਹਿ ਕਰ ਚੁਕੀਆਂ ਹਨ। ਖ਼ਾਸ ਕਰ ਕੇ ਅਕਾਲੀ ਦਲ ਵਲੋਂ ਲਗਭਗ ਸਾਰੇ ਹੀ ਹਲਕਿਆਂ ਲਈ ਉਮੀਦਵਾਰਾਂ ਦੇ ਨਾਮ ਤਹਿ ਕਰ ਲਏ ਗਏ ਹਨ ਪ੍ਰੰਤੂ ਉਦੋਂ ਤਕ ਜਨਤਕ ਨਹੀਂ ਕੀਤੇ ਜਾਣਗੇ ਜਦ ਤਕ ਚੋਣ ਕਮਿਸ਼ਨ ਵਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕਰ ਦਿਤਾ ਜਾਂਦਾ।
Modi-Badalਦੋਵੇਂ ਹੀ ਪਾਰਟੀਆਂ ਇਕ ਦੂਜੀ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਨੂੰ ਵੇਖ ਕੇ ਹੀ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਕਰਨ ਦੇ ਹੱਕ ਵਿਚ ਹਨ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ ਵਿਖੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚ ਚੋਣਾਂ ਦੇ ਸਬੰਧ ਵਿਚ ਅਹਿਮ ਮੀਟਿੰਗ ਹੋਈ। ਜਿਥੋਂ ਤਕ ਦੋਹਾਂ ਪਾਰਟੀਆਂ ਵਿਚ ਹਲਕਿਆਂ ਦੀ ਵੰਡ ਦਾ ਸਬੰਧ ਹੈ। ਉਸ ਸਬੰਧੀ ਆਖ਼ਰੀ ਫ਼ੈਸਲਾ ਹੋਇਆ ਹੈ ਕਿ ਭਾਜਪਾ ਤਿੰਨ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਅਪਣੇ ਉਮੀਦਵਾਰ ਖੜੇ ਕਰੇਗੀ ਜਦਕਿ ਅਕਾਲੀ ਦਲ ਨੂੰ ਬਾਕੀ 10 ਹਲਕੇ ਦਿਤੇ ਗਏ ਹਨ। ਹਲਕਿਆਂ ਵਿਚ ਅਦਲਾ-ਬਦਲੀ ਦਾ ਮਾਮਲਾ ਹੁਣ ਬਿਲਕੁਲ ਖ਼ਤਮ ਹੋ ਗਿਆ ਹੈ।
ਭਾਜਪਾ ਨੇ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਦਾ ਨਾਮ ਤਹਿ ਕੀਤਾ ਹੋਇਆ ਹੈ। ਗੁਰਦਾਸਪੁਰ ਹਲਕੇ ਤੋਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦਾ ਨਾਮ ਵੀ ਲਗਭਗ ਤੈਅ ਹੈ। ਹੁਣ ਸਿਰਫ਼ ਅੰਮ੍ਰਿਤਸਰ ਹਲਕੇ ਤੋਂ ਉਮੀਦਵਾਰ ਦੇ ਨਾਮ ਦਾ ਫ਼ੈਸਲਾ ਅੜਿਆ ਹੋਇਆ ਹੈ। ਜਿਥੋਂ ਤਕ ਅਕਾਲੀ ਦਲ ਦਾ ਸਬੰਧ ਹੈ, ਨੇ ਵੀ ਲਗਭਗ ਸਾਰੇ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਤੈਅ ਕਰ ਲਏ ਹਨ ਅਤੇ ਕਾਂਗਰਸ ਪਾਰਟੀ ਵਲੋਂ ਤੈਅ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਉਡੀਕ ਹੋ ਰਹੀ ਹੈ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਹੀ ਚੋਣ ਲੜਨ ਦੀ ਸੰਭਾਵਨਾ ਹੈ। ਉਥੇ ਹੋਰ ਕਿਸੀ ਉਮੀਦਵਾਰ ਦਾ ਨਾਮ ਨਹੀਂ ਸਾਹਮਣੇ ਆ ਰਿਹਾ। ਜਿਥੋਂ ਤਕ ਫ਼ਿਰੋਜ਼ਪੁਰ ਹਲਕੇ ਦਾ ਸਬੰਧ ਹੈ, ਇਸ ਸਮੇਂ ਸੱਭ ਤੋਂ ਉਪਰ ਨਾਮ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਸਾਹਮਣੇ ਆ ਰਿਹਾ ਹੈ। ਬੇਸ਼ਕ ਸ. ਸੇਖੋਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਪਾਰਟੀ ਕਹੇਗੀ ਤਾਂ ਚੋਣ ਲੜਨੀ ਹੀ ਪਵੇਗੀ ਪ੍ਰੰਤੂ ਉਨ੍ਹਾਂ ਦੀ ਲੋਕ ਸਭਾ ਚੋਣ ਲੜਨ ਵਿਚ ਕੋਈ ਦਿਲਚਸਪੀ ਨਹੀਂ।
Harsimrat Kaur Badalਅੱਜ ਹਰਸਿਮਰਤ ਕੌਰ ਬਾਦਲ ਨੇ ਫ਼ਿਰੋਜ਼ਪੁਰ ਹਲਕੇ ਦਾ ਦੌਰਾ ਕੀਤਾ ਅਤੇ ਮੀਡੀਆ ਨੇ ਚਰਚਾ ਛੇੜ ਦਿਤੀ ਕਿ ਹਰਸਿਮਰਤ ਕੌਰ ਫ਼ਿਰੋਜ਼ਪੁਰ ਤੋਂ ਚੋਣ ਲੜਨਗੇ। ਪ੍ਰੰਤੂ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਹਰਸਿਮਰਤ ਨੇ ਉਸ ਹਲਕੇ ਵਿਚ ਸਿਲਾਈ ਕੇਂਦਰ ਖੋਲ੍ਹੇ ਹੋਏ ਹਨ। ਜਦ ਇਕ ਬੈਚ ਦੀ ਟ੍ਰੇਨਿੰਗ ਖ਼ਤਮ ਹੁੰਦੀ ਹੈ ਤਾਂ ਉਹ ਉਥੇ ਆਉਂਦੇ ਹਨ। ਇਸੀ ਸਿਲਸਿਲੇ ਵਿਚ ਉਹ ਅੱਜ ਉਥੇ ਪੁੱਜੇ। ਇਸੀ ਤਰ੍ਹਾਂ ਸੰਗਰੂਰ ਹਲਕੇ ਤੋਂ ਕਈ ਨਾਮ ਸਾਹਮਣੇ ਆ ਰਹੇ ਸਨ ਪ੍ਰੰਤੂ ਸੂਈ ਪਰਮਿੰਦਰ ਸਿੰਘ ਢੀਂਡਸਾ ਦੇ ਨਾਮ ਉਪਰ ਆ ਖੜੀ ਹੋਈ ਹੈ। ਕੁੱਝ ਸਮਾਂ ਪਹਿਲਾਂ ਤਕ ਪਰਮਿੰਦਰ ਸਿੰਘ ਢੀਂਡਸਾ ਲੋਕ ਸਭਾ ਚੋਣ ਲੜਨ ਤੋਂ ਨਾਂਹ ਕਰਦੇ ਆ ਰਹੇ ਸਨ ਪ੍ਰੰਤੂ ਹੁਣ ਜੇਕਰ ਪਾਰਟੀ ਕਹੇ ਤਾਂ ਉਹ ਚੋਣ ਲੜ ਸਕਦੇ ਹਨ। ਇਸ ਹਲਕੇ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦਾ ਨਾਮ ਵੀ ਚਲ ਰਿਹਾ ਹੈ ਪ੍ਰੰਤੂ ਹੁਣ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸੱਭ ਤੋਂ ਉਪਰ ਹੈ। ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਇਹ ਕਹਿੰਦੇ ਆ ਰਹੇ ਸਨ ਕਿ ਉਨ੍ਹਾਂ ਦੇ ਪ੍ਰਵਾਰ ਵਿਚੋਂ ਕੋਈ ਵੀ ਲੋਕ ਸਭਾ ਚੋਣ ਨਹੀਂ ਲੜਗਾ। ਪ੍ਰੰਤੂ ਪਿਛਲੇ ਇਕ ਮਹੀਨੇ ਤੋਂ ਹੁਣ ਉਹ ਵੀ ਖਾਮੋਸ਼ ਹਨ।
Sukhbir Singh Badalਪਾਰਟੀ ਦੇ ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਲੜਾਉਣ ਸਬੰਧੀ ਟੋਹ ਵੀ ਲਿਆ ਹੈ। ਅਨੰਦਪੁਰ ਸਾਹਿਬ ਹਲਕੇ ਤੋਂ ਮੌਜੂਦਾ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਹੀ ਚੋਣ ਲੜਨਗੇ ਜਦਕਿ ਪਟਿਆਲਾ ਤੋਂ ਬੇਸ਼ਕ ਸੁਰਜੀਤ ਸਿੰਘ ਰਖੜਾ ਦਾ ਨਾਮ ਚਲਦਾ ਰਿਹਾ ਹੈ ਪ੍ਰੰਤੂ ਅਜੇ ਤਕ ਉਨ੍ਹਾਂ ਦੀ ਉਮੀਦਵਾਰੀ ਯਕੀਨੀ ਨਹੀਂ। ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਵੀ ਅਜੇ ਕਿਸੀ ਦਾ ਨਾਮ ਤਹਿ ਨਹੀਂ ਹੋਇਆ ਪ੍ਰੰਤੂ ਬੱਸੀ ਪਠਾਣਾ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਦਾ ਨਾਮ ਸੱਭ ਤੋਂ ਉਪਰ ਚਲ ਰਿਹਾ ਹੈ। ਇਸ ਹਲਕੇ ਤੋਂ ਅਕਾਲੀ ਦਲ ਕੋਲ ਹੋਰ ਕਈ ਢੁਕਵਾ ਉਮੀਦਵਾਰ ਵੀ ਉਪਲਬੱਧ ਨਹੀਂ। ਪਹਿਲਾ ਚਰਨਜੀਤ ਸਿੰਘ ਅਟਵਾਲ ਦਾ ਨਾਮ ਵੀ ਚਲ ਰਿਹਾ ਸੀ ਪ੍ਰੰਤੂ ਉਨ੍ਹਾਂ ਨੇ ਜਲੰਧਰ ਹਲਕੇ ਤੋਂ ਸਰਗਰਮੀਆਂ ਆਰੰਭ ਦਿਤੀਆਂ ਹਨ।
ਲੁਧਿਆਣਾ ਹਲਕੇ ਤੋਂ ਅਕਾਲੀ ਦਲ ਦੇ ਦੋ ਉਮੀਦਵਾਰਾਂ ਦਾ ਨਾਮ ਚਲ ਰਿਹਾ ਹੈ। ਇਕ ਤਾਂ ਮੌਜੂਦਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਅਤੇ ਦੂਜਾ ਮਹੇਸ਼ਇੰਦਰ ਸਿੰਘ ਗਰੇਵਾਲ। ਪ੍ਰੰਤੂ ਮਹੇਸ਼ਇੰਦਰ ਸਿੰਘ ਗਰੇਵਾਲ ਟਿਕਟ ਲਈ ਜ਼ਿਆਦਾ ਜ਼ੋਰ ਪਾ ਰਹੇ ਦਸੇ ਜਾਂਦੇ ਹਨ। ਜਲੰਧਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਇਸ ਹਲਕੇ ਤੋਂ ਅਪਣੀ ਮੁਹਿੰਮ ਵੀ ਆਰੰਭ ਦਿਤੀ ਹੈ। ਬੇਸ਼ਕ ਪਾਰਟੀ ਨੇ ਉਨ੍ਹਾਂ ਦਾ ਨਾਮ ਅਜੇ ਜਨਤਕ ਨਹੀਂ ਕੀਤਾ। ਫ਼ਰੀਦਕੋਟ ਦੇ ਰਾਖਵੇਂ ਹਲਕੇ ਤੋਂ ਦੋ ਉਮੀਦਵਾਰਾਂ ਦੇ ਨਾਮ ਚਲ ਰਹੇ ਹਨ। ਇਕ ਤਾਂ ਦਰਸ਼ਨ ਸਿੰਘ ਕੋਟਫਤਹਾ ਅਤੇ ਦੂਜਾ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਜੋਗਿੰਦਰ ਸਿੰਘ ਪੰਜਗਰਾਈਂ ਦਾ ਨਾਮ ਚਲ ਰਿਹਾ ਹੈ। ਦੋਹਾਂ ਵਿਚੋਂ ਕਿਸੀ ਇਕ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ।
ਜਿਥੋਂ ਤਕ ਖਡੂਰ ਸਾਹਿਬ ਹਲਕੇ ਦਾ ਸਬੰਧ ਹੈ, ਇਥੋਂ ਪਹਿਲਾਂ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਐਮ.ਪੀ. ਹਨ ਪ੍ਰੰਤੂ ਉਨ੍ਹਾਂ ਨੇ ਅਪਣੀ ਵਖਰੀ ਪਾਰਟੀ ਅਕਾਲੀ ਦਲ ਟਕਸਾਲੀ ਬਣਾ ਲਈ ਹੈ ਅਤੇ ਹੁਣ ਉਥੋਂ ਬੀਬੀ ਜਗੀਰ ਕੌਰ ਦਾ ਨਾਮ ਸੱਭ ਤੋਂ ਉਪਰ ਹੈ। ਉਨ੍ਹਾਂ ਉਪਰ ਪਹਿਲਾਂ ਕਤਲ ਦਾ ਕੇਸ ਚਲ ਰਿਹਾ ਸੀ ਜਿਸ ਵਿਚੋਂ ਉਹ ਬਰੀ ਹੋ ਚੁਕੇ ਹਨ। ਉਸ ਹਲਕੇ ਤੋਂ ਉਹ ਕਾਫ਼ੀ ਢੁਕਵੇਂ ਉਮੀਦਵਾਰ ਹਨ।