
ਕੈਪਟਨ ਸਰਕਾਰ ਵੀ ਪੰਜਾਬ ਨੂੰ ਲੁੱਟ ਰਹੀ ਹੈ ਦੋਵੇਂ ਹੱਥੀਂ: ਹਰਪਾਲ ਚੀਮਾ...
ਸੰਗਰੂਰ: ਜਿਲਾ ਸੰਗਰੂਰ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿਖੇ ਡਿਪਟੀ ਐਡਵੋਕੇਟ ਜਨਰਲ ਰੁਪਿੰਦਰ ਸਿੱਧੂ ਅਤੇ ਐਡਵੋਕੇਟ ਹਰਜਿੰਦਰ ਸਿੰਘ ਸਿੱਧੂ ਦੀ ਮਾਤਾ ਹਰਬੰਸ ਕੌਰ ਦੇ ਭੋਗ ਸਮੇਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਿਰੋਧੀ ਧਿਰ ਦੇ ਨੇਤਾ ਪੰਜਾਬ ਵਿਧਾਨ ਸਭਾ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਖਜ਼ਾਨਾ ਮੰਤਰੀ ਹਲਕਾ ਵਿਧਾਇਕ ਲਹਿਰਾ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ ਹੋਏ ਸਨ।
ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਵਾਅਦੇ ਤਾਂ ਬਹੁਤ ਕੀਤੇ ਸਨ, ਪ੍ਰੰਤੂ ਉਨ੍ਹਾਂ ਵਿੱਚੋਂ ਚਾਰ ਵਾਅਦੇ ਵੀ ਪੂਰੇ ਕਰਦੇ ਹਨ ਤਾਂ ਲੋਕ ਕਾਫ਼ੀ ਹੱਦ ਤਕ ਸੰਤੁਸ਼ਟ ਹੋ ਜਾਣਗੇ। ਇਹ ਵਿਚਾਰ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਚਾਰ ਵਾਅਦਿਆਂ ਵਾਰੇ ਪੰਜਾਬ ਸਰਕਾਰ ਨੂੰ ਚੇਤਾ ਕਰਾਉਂਦਿਆਂ ਕਿਹਾ,ਕਿ ਕਿਸਾਨੀ ਕਰਜ਼ੇ ਮੁਆਫ਼ ਕਰਨ ਦਾ ਵਾਅਦਾ, 51 ਹਜ਼ਾਰ ਸ਼ਗਨ ਸਕੀਮ, 3600 ਰੁਪਿਆ ਬੁਢਾਪਾ ਪੈਨਸ਼ਨ ਅਤੇ ਘਰ- ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰੇ।
ਉਨ੍ਹਾਂ ਪੈਟਰੋਲੀਅਮ ਵਸਤਾਂ ਦੀਆਂ ਰੋਜਾਨਾ ਵਧਦੀਆਂ ਕੀਮਤਾਂ ਬਾਰੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ,ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੈਟ ਘਟਾ ਕੇ ਇਸ ਦੀਆਂ ਕੀਮਤਾਂ ਕੰਟਰੋਲ ਹੇਠ ਅਤੇ ਆਮ ਲੋਕਾਂ ਦੇ ਵੱਸ ਵਿੱਚ ਕਰਨੀਆਂ ਚਾਹੀਦੀਆਂ ਹਨ।ਜੇਕਰ ਇਨ੍ਹਾਂ ਤੋਂ ਅਜਿਹਾ ਨਹੀਂ ਹੁੰਦਾ ਤਾਂ ਦੋਵੇਂ ਸਰਕਾਰਾਂ ਨੂੰ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਕਿਸਾਨੀ ਬਿਲਾਂ ਬਾਰੇ ਵੀ ਢੀਂਡਸਾ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਦਿਆਂ ਕਿਹਾ, ਕਿ ਕੈਪਟਨ ਸਰਕਾਰ ਮਗਰਮੱਛ ਦੇ ਹੰਝੂ ਇਨ੍ਹਾਂ ਕਿਸਾਨੀ ਬਿਲਾਂ ਨੂੰ ਲੈ ਕੇ ਵਹਾ ਰਹੀ ਹੈ।
ਸਿਰਫ਼ ਕੇਂਦਰ ਨੂੰ ਗਾਲ੍ਹਾਂ ਕੱਢ ਕੇ ਹਮਾਇਤੀ ਨਹੀਂ ਬਣਿਆ ਜਾ ਸਕਦਾ। ਕੈਪਟਨ ਸਰਕਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇ ਫਿਰ ਮੰਨ ਲਵਾਂਗੇ ਕਿ ਕਿਸਾਨ ਹਿਤੈਸ਼ੀ ਹੈ। ਪੰਜਾਬ ਦੀ ਕੈਪਟਨ ਸਰਕਾਰ ਵੀ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੀ ਹੈ।ਅਸੀਂ ਇਨ੍ਹਾਂ ਨੂੰ ਬਜਟ ਸੈਸ਼ਨ ਸਮੇਂ ਵਿਧਾਨ ਸਭਾ ਵਿੱਚ ਘੇਰਾਂਗੇ। ਹਲਕਾ ਦਿੜ੍ਹਬਾ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਐਡਵੋਕੇਟ ਨੇ ਕਿਹਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿ ਰਹੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਅੰਤਰਿਮ ਬਜਟ ਸਬੰਧੀ ਇਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ।
ਜਦੋਂ ਕਿ ਹਰ ਵਿਅਕਤੀ ਜਨਮ ਤੋਂ ਲੈ ਕੇ ਮਰਨ ਤਕ ਟੈਕਸ ਸਰਕਾਰ ਨੂੰ ਦਿੰਦਾ ਹੈ। ਪੰਜਾਬ ਸਰਕਾਰ ਇਹ ਟੈਕਸ ਲੈਣ ਤੋਂ ਇਲਾਵਾ ਕੇਂਦਰ ਤੋਂ ਵੀ ਕਰਜ਼ਾ ਲਈ ਜਾ ਰਹੀ ਹੈ। ਫਿਰ ਵੀ ਖ਼ਜ਼ਾਨਾ ਖਾਲੀ ਦਰਸਾਉਂਦੇ ਹਨ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਭ੍ਰਿਸ਼ਟ ਸਰਕਾਰ ਹੈ। ਚੋਣਾਂ ਸਮੇਂ 2017 ਵਿੱਚ ਕੈਪਟਨ ਨੇ ਜੋ ਵਾਅਦੇ ਕਰਕੇ ਵੋਟਾਂ ਲਈਆਂ ਸਨ, ਚਾਰ ਸਾਲ ਲੰਘਣ ਉਪਰੰਤ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਚੋਣਾਂ ਵੇਲੇ ਮਾਫ਼ੀਆ ਰਾਜ ਖ਼ਤਮ ਕਰਨ,ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣਾ, ਬੁਢਾਪਾ ਪੈਨਸ਼ਨ 4000 ਕਰਨੀ,ਕਿਸਾਨ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਸਿਰ ਥੋਪੇ ਕਾਲੇ ਕਾਨੂੰਨਾਂ ਬਾਰੇ ਉਨ੍ਹਾਂ ਕਿਹਾ, ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਹੀ ਇਹ ਕਾਨੂੰਨ ਲੋਕਾਂ ਤੇ ਥੋਪੇ ਹਨ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ। ਜਿਵੇਂ ਭਾਜਪਾ ਸਰਕਾਰ ਕੰਮ ਕਰਦੀ ਹੈ ਉਸੇ ਤਰ੍ਹਾਂ ਇਹ ਵੀ ਉਸੇ ਕੰਮ ਵਿੱਚ ਲੱਗੇ ਹੋਏ ਹਨ।
ਕਦੇ ਕਿਸਾਨਾਂ ਨੂੰ ਕਹਿੰਦੇ ਹਨ ਕਿ ਦੋ ਸਾਲ ਵਾਲੀ ਸ਼ਰਤ ਮਨਜ਼ੂਰ ਕਰਨ, ਕਦੇ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਕਹਿ ਦਿੰਦੇ ਹਨ। ਲਗਾਤਾਰ ਇਸ ਸੰਘਰਸ਼ ਨੂੰ ਤੋੜਨ ਦੀ ਸਾਜ਼ਿਸ਼ ਕੈਪਟਨ ਸਰਕਾਰ ਵੱਲੋਂ ਰਚੀ ਜਾ ਰਹੀ ਹੈ। ਜੋ ਕਦਾਚਿਤ ਵੀ ਮਨਜ਼ੂਰ ਨਹੀਂ ਕੀਤੀ ਜਾਵੇਗੀ। ਇਹ ਸਾਰੇ ਵਾਅਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਸੈਸ਼ਨ ਦੌਰਾਨ ਕੈਪਟਨ ਸਾਹਿਬ ਨੂੰ ਯਾਦ ਕਰਵਾਏ ਜਾਣਗੇ।