
ਯੂਕਰੇਨ ’ਚ MBBS ਦੀ ਪੜ੍ਹਾਈ ’ਤੇ 30 ਲੱਖ ਜਦਕਿ ਪੰਜਾਬ ’ਚ ਆਉਂਦਾ ਹੈ 80 ਤੋਂ 85 ਲੱਖ ਖ਼ਰਚਾ
ਬਠਿੰਡਾ : ਰੂਸ ਤੇ ਯੂਕਰੇਨ ’ਚ ਲੱਗੀ ਭਿਆਨਕ ਜੰਗ ਕਾਰਨ ਉਥੇ ਫ਼ਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਮਾਮਲਾ ਹੁਣ ਚਰਚਾ ਵਿਚ ਹੈ। ਇੰਨ੍ਹਾਂ ਵਿਦਿਆਰਥੀਆਂ ਵਿਚੋਂ 95 ਫ਼ੀ ਸਦੀ ਵਿਦਿਆਰਥੀ ਯੂਕਰੇਨ ’ਚ ਮੈਡੀਕਲ ਪੜਾਈ ਲਈ ਗਏ ਹੋਏ ਹਨ। ਇਸ ਮਾਮਲੇ ਦੀ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਾਕਟਰ ਬਣਨ ਦਾ ਸੁਪਨਾ ਲੈ ਕੇ ਮਿਹਨਤ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਮਹਿੰਗੀਆਂ ਫ਼ੀਸਾਂ ਤੋਂ ਬਚਣ ਲਈ ਯੂਕਰੇਨ ਦਾ ਰੁੱਖ ਕਰਦੇ ਹਨ।
ਅੰਕੜਿਆਂ ਮੁਤਾਬਕ ਪੰਜਾਬ ’ਚ ਪ੍ਰਤੀ ਵਿਦਿਆਰਥੀ ਐਮ.ਬੀ.ਬੀ.ਐਸ ਦੀ ਪੜਾਈ ਕਰਨ ’ਤੇ 80 ਤੋਂ 85 ਲੱਖ ਰੁਪਏ ਖ਼ਰਚ ਆਉਂਦਾ ਹੈ ਜਦੋਂਕਿ ਯੂਕਰੇਨ ’ਚ ਇਹ ਖ਼ਰਚਾ 30 ਲੱਖ ਤੋਂ ਵੀ ਘੱਟ ਰਹਿੰਦਾ ਹੈ, ਜਿਸਦੇ ਚੱਲਦੇ ਜ਼ਿਆਦਾਤਰ ਵਿਦਿਆਰਥੀ ਏਜੰਟਾਂ ਦੇ ਰਾਹੀਂ ਉਧਰ ਦਾ ਰੁੱਖ ਕਰਦੇ ਹਨ। ਯੂਕਰੇਨ ’ਚ ਪੜਾਈ ਕਰਨ ਵਾਲੇ ਤਲਵੰਡੀ ਸਾਬੋ ਦੇ ਸਕੇ ਭੈਣ-ਭਰਾ ਹਰਸ਼ਦੀਪ ਸਿੰਘ ਤੇ ਪਲਕਪ੍ਰੀਤ ਕੌਰ ਦੇ ਪਿਤਾ ਗੁਰਜਿੰਦਰ ਸਿੰਘ ਨੇ ਦਸਿਆ ਕਿ ‘‘ ਮਹਿੰਗੀ ਪੜਾਈ ਬੱਚਿਆਂ ਨੂੰ ਅੱਖਾਂ ਤੋਂ ਦੂਰ ਕਰਨ ਦਾ ਸੱਭ ਤੋਂ ਮੁੱਖ ਕਾਰਨ ਹੈ।’’
photo
ਜ਼ਿਕਰਯੋਗ ਹੈ ਕਿ ਉਕਤ ਦੋਨਾਂ ਬੱਚਿਆਂ ਸਹਿਤ ਇਕੱਲੇ ਬਠਿੰਡਾ ਜ਼ਿਲ੍ਹੇ ਦੇ ਹੀ ਅੱਧੀ ਦਰਜ਼ਨ ਤੋਂ ਵਧ ਬੱਚੇ ਯੂਕਰੇਨ ਦੀ ਜੰਗ ਵਿਚ ਫ਼ਸੇ ਹੋਏ ਹਨ। ਗੁਰਜਿੰਦਰ ਸਿੰਘ ਨੇ ਦਸਿਆ ਕਿ ‘‘ ਯੂਕਰੇਨ ’ਚ ਵੀ ਦਾਖ਼ਲਾ ਲੈਣ ਲਈ ਇਧਰਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਲਈ ਜਾਣ ਵਾਲੀ ਨੀਟ ਦੀ ਪ੍ਰੀਖ੍ਰਿਆ ਪਾਸ ਕਰਨੀ ਪੈਂਦੀ ਹੈ ਤੇ ਇੱਥੇ ਵਾਪਸ ਆਉਣ ’ਤੇ ਇਕ ਹੋਰ ਟੈਸਟ ਦੇਣਾ ਪੈਂਦਾ ਹੈ।’’ ਯੂਕਰੇਨ ਸੰਕਟ ’ਚ ਫ਼ਸੀ ਬਠਿੰਡਾ ਦੀ ਇਕ ਵਿਦਿਆਰਥਣ ਨੇ ਗੱਲਬਾਤ ਕਰਦਿਆਂ ਦਸਿਆ ਕਿ ‘‘ਪੜਾਈ ਲਈ ਖ਼ਰਚਾ ਘੱਟ ਹੋਣ ਦੇ ਨਾਲ-ਨਾਲ ਯੂਕਰੇਨ ’ਚ ਮੈਡੀਕਲ ਵਿਦਿਆਰਥੀਆਂ ਲਈ ਪ੍ਰੈਕਟੀਕਲ ਵੀ ਜ਼ਿਆਦਾ ਕਰਵਾਇਆ ਜਾਂਦਾ ਹੈ, ਜਿਹੜਾ ਅੱਗੇ ਕਰੀਅਰ ਵਿਚ ਸਫ਼ਲ ਹੋਣ ਲਈ ਬਹੁਤ ਜ਼ਰੂਰੀ ਹੈ।’’
ਸਪੋਕਸਮੈਨ ਵਲੋਂ ਇਕੱਤਰ ਸੂਚਨਾ ਮੁਤਾਬਕ ਪੰਜਾਬ ਦੇ ਪ੍ਰਾਈਵੇਟ ਕਾਲਜ਼ਾਂ ਵਿਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤਹਿਤ ਹੁਣ ਪੰਜ ਸਾਲਾਂ ਦੀ ਇਕੱਲੀ ਟਿਊਸ਼ਨ ਫ਼ੀਸ ਹੀ 48 ਲੱਖ ਰੁਪਏ ਬਣਦੀ ਹੈ। ਜਦੋਂਕਿ ਡਿਵਲੇਮੈਂਟ ਫ਼ੀਸ, ਹੋਸਟਲ ਖ਼ਰਚਾ, ਸਕਿਉੂਰਟੀ ਫ਼ੀਸ, ਪੇਪਰ ਫ਼ੀਸ ਤੇ ਹੋਰ ਖ਼ਰਚੇ ਮਿਲਾ ਕੇ ਪੰਜ ਸਾਲਾਂ ਵਿਚ ਇਹ ਫ਼ੀਸ 85 ਲੱਖ ਰੁਪਏ ਦੇ ਕਰੀਬ ਪੁੱਜ ਜਾਂਦੀ ਹੈ, ਜਿਹੜੀ ਕਿ ਇਕ ਆਮ ਵਿਅਕਤੀ ਲਈ ਅਦਾ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੈ।
ਉਂਜ ਇਸ ਦੌਰਾਨ ਇਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਾਪਿਆਂ ਵਲੋਂ ਬੱਚਿਆਂ ਨੂੰ ਡਾਕਟਰ ਬਣਾਉਣ ਦੀ ਜ਼ਿੱਦ ਕਾਰਨ ਇੱਥੇ ਦਾਖ਼ਲਾ ਨਾ ਲੈ ਸਕਣ ਵਾਲੇ ਮੈਡੀਕਲ ਵਿਦਿਆਰਥੀਆਂ ਨੂੰ ਵੀ ਯੂਕਰੇਨ ਵਰਗੇ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ। ਹਾਲਾਂਕਿ ਮੈਡੀਕਲ ਖੇਤਰ ਦੇ ਮਾਹਰਾਂ ਦਾ ਦਾਅਵਾ ਹੈ ਕਿ ਇਥੇ ਨੰਬਰ ਆਉਣ ’ਤੇ ਕੋਈ ਵੀ ਵਿਦਿਆਰਥੀ ਫ਼ੀਸ ਕਾਰਨ ਛੱਡ ਕੇ ਵਿਦੇਸ਼ ਵਿਚ ਨਹੀਂ ਜਾਂਦਾ ਹੈ।
ਦਸਣਯੋਗ ਹੈ ਕਿ ਮਹਿੰਗੀਆਂ ਫ਼ੀਸਾਂ ਕਾਰਨ ਨਿਰਾਸ਼ ਹੋ ਰਹੇ ਵਿਦਿਆਰਥੀਆਂ ਨੂੰ ਯੂਕਰੇਨ ਤੇ ਹੋਰਨਾਂ ਦੇਸ਼ਾਂ ’ਚ ਮੈਡੀਕਲ ਦੀ ਪੜਾਈ ਕਰਵਾਉਣ ਲਈ ਏਜੰਟਾਂ ਦਾ ਇਕ ਸਰਗਰਮ ਗਿਰੋਹ ਵੀ ਬਣਿਆ ਹੋਇਆ ਹੈ। ਪਿਛਲੇ ਸਾਲ ਨੀਟ ਦੀ ਪ੍ਰੀਖ੍ਰਿਆ ਦੇਣ ਵਾਲੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਇਕ ਵਿਦਿਆਰਥੀ ਦੇ ਪਿਤਾ ਨੇ ਦਸਿਆ ਕਿ ‘‘ਨੀਟ ਦੀ ਪ੍ਰੀਖਿਆ ਸਮੇਂ ਹੀ ਪ੍ਰੀਖਿਆ ਕੇਂਦਰਾਂ ਦੇ ਬਾਹਰ ਯੂਕਰੇਨ ’ਚ ਮੈਡੀਕਲ ਦੀ ਪੜਾਈ ਕਰਵਾਉਣ ਵਾਲੇ ਏਜੰਟ ਪਰਚੇ ਵੰਡਦੇ ਆਮ ਦੇਖੇ ਜਾ ਸਕਦੇ ਹਨ।’’ ਮੌਜੂਦਾ ਸਮੇਂ ਇਕੱਲੇ ਪੰਜਾਬ ਵਿਚੋਂ ਹੀ ਹਜ਼ਾਰਾਂ ਵਿਦਿਆਰਥੀ ਯੂਕਰੇਨ ਦੀਆਂ ਵੱਖ ਵੱਖ ਮੈਡੀਕਲ ਯੂਨੀਵਰਸਿਟੀ ਤੇ ਕਾਲਜ਼ਾਂ ਵਿਚ ਪੜਾਈ ਕਰਦੇ ਦੱਸੇ ਜਾ ਰਹੇ ਹਨ।