
ਮਨੋਜ ਕੁਮਾਰ ਤੋਂ ਮਨੋਜ ਸਿੰਘ ਬਣ ਕੇ ਸਿੱਖੀ ਸਿਧਾਂਤਾਂ ਨਾਲ ਸੈਂਕੜੇ ਲੋਕਾਂ ਨੂੰ ਜੋੜਨ ਵਾਲਾ ਮੋਹਾਲੀ ਮੋਰਚੇ ’ਚ ਪੁੱਜਾ
ਚੰਡੀਗੜ੍ਹ, 27 ਫ਼ਰਵਰੀ (ਬਠਲਾਣਾ) : ਕਿਸਾਨੀ ਮੋਰਚੇ ਦੇ ਅਣਥੱਕ ਯੋਧਿਆਂ ’ਚ ਰੋਹਤਕ ਦਾ ਮਨੋਜ ਕੁਮਾਰ ਹੁਣ ਮਨੋਜ ਸਿੰਘ ਦੂਹਨ ਵੀ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਿਖੇ ਲੱਗੇ ਮੋਰਚੇ ’ਚ ਪੁੱਜ ਗਿਆ ਹੈ। ਉਸ ਨੇ ‘ਪੰਜਾਬ ਦਾ ਇਤਿਹਾਸ’ ਨਾਮਕ ਪੁਸਤਕ ’ਚ ਸਿੱਖੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨੂੰ ਗਹਿਰੀ ਸਾਜ਼ਸ਼ ਦਸਿਆ।
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮਨੋਜ ਨੇ ਦਸਿਆ ਕਿ ਜੇਕਰ ਕਿਸੇ ਕੌਮ ਦੀਆਂ ਜੜ੍ਹਾਂ ’ਚ ਤੇਲ ਦੇਣਾ ਹੋਵੇ ਤਾਂ ਪੁਸਤਕਾਂ ਇਕ ਕਾਰਗਰ ਸਾਧਨ ਹੈ। ਇਹੀ ਕੁੱਝ ਸਿੱਖੀ ਇਤਿਹਾਸ ਨਾਲ ਕੀਤਾ ਜਾ ਰਿਹਾ ਹੈ। ਮਨੋਜ ਸਿੰਘ ਨੇ ਦਸਿਆ ਕਿ ਸਾਲ 2016 ਵਿਚ ਹਰਿਆਣਾ ’ਚ ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਛੇੜੇ ਸੰਘਰਸ਼ ’ਚ ਉਹ ਵੀ ਸ਼ਾਮਲ ਸੀ। ਉਸ ਨੂੰ ਫੜ ਕੇ ਜੇਲ ’ਚ ਬੰਦ ਕਰ ਦਿਤਾ ਗਿਆ। ਜਿਥੇ ਉਸ ਨੇ ਸਿੱਖ ਇਤਿਹਾਸ ਬਾਰੇ ਪੜਿ੍ਹਆ ਅਤੇ ਜਾਣਿਆ। ਉਸ ਨੂੰ ਅਹਿਸਾਸ ਹੋ ਗਿਆ ਕਿ ਇਹੀ ਰਾਸਤਾ ਹੈ, ਅੱਗੇ ਵਧਣ ਦਾ।
ਮਨੋਜ ਨੇ ਦਾਅਵਾ ਕੀਤਾ ਕਿ ਉਸ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਜੋ ਕਬੂਲ ਹੋਈ ਅਤੇ ਉਸ ਦੀ ਜ਼ਮਾਨਤ ਹੋ ਗਈ। ਉਸ ਨੇ ਕਿਸਾਨੀ ਮੋਰਚੇ ’ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੋਰਚੇ ’ਚ ਉਸ ਦਾ ਸੰਪਰਕ ਕਿਸਾਨ ਨੇਤਾ ਸ. ਬਲਦੇਵ ਸਿੰਘ ਸਿਰਸਾ ਨਾਲ ਹੋਇਆ ਅਤੇ ਉਸ ਨੇ ਸਿੱਖੀ ਸਿਧਾਂਤਾਂ ਦਾ ਹੋਕਾ ਦੇਣ ਦਾ ਮਨ ਬਣਾਇਆ। ਉਸ ਨੇ ਯੂਨੀਨਿਸਟ ਸਿੱਖ ਮਿਸ਼ਨ ਅਰੰਭ ਕੀਤਾ। ਜਿਸ ਤਹਿਤ ਉਹ ਪੂਰੇ ਦੇਸ ’ਚ ਅਤੇ ਖਾਸ ਕਰ ਕੇ ਹਰਿਆਣਾ ’ਚ ਹਜ਼ਾਰਾਂ ਲੋਕਾਂ ਨੂੰ ਇਸ ਪਾਸੇ ਵਲ ਮੋੜ ਚੁੱਕਾ ਹੈ। ਇਸ ਦੇ ਨਾਲ ਹੀ ਉਹ ਹਰਿਆਣਾ ਦੇ ਸਕੂਲਾਂ ’ਚ ਪੰਜਾਬੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਵੀ ਉਪਰਾਲੇ ਕਰਦਾ ਹੈ। ਮਨੋਜ ਪੇਸ਼ੇ ਵਜੋਂ ਵਕੀਲ ਹੈ, ਉਹ ਦੋ ਹੋਟਲਾਂ ਦਾ ਮਾਲਕ ਵੀ ਹੈ, ਪਰ ਹੁਣ ਉਹ ਸਿੱਖੀ ਦੇ ਸਿਧਾਂਤਾਂ ਨੂੰ ਪ੍ਰਚਾਰਨ ’ਚ ਜੁਟ ਗਿਆ ਹੈ।
ਬਠਲਾਣਾ -1