
ਰੂਸ ਦੀ ਫ਼ੌਜ ਯੂਕਰੇਨ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਦਾਖ਼ਲ ਹੋਈ
ਰੂਸੀ ਫ਼ੌਜ ਨੇ ਹਵਾਈ ਅੱਡਿਆਂ ਤੇ ਤੇਲ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ
ਕੀਵ, 27 ਫ਼ਰਵਰੀ : ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰੂਸੀ ਫ਼ੌਜ ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਦਾਖ਼ਲ ਹੋ ਗਈ ਹੈ ਅਤੇ ਸੜਕਾਂ ਉਤੇ ਲੜਾਈ ਚਲ ਰਹੀ ਹੈ | ਰੂਸੀ ਫ਼ੌਜ ਨੇ ਖਾਰਕੀਵ ਵਿਚ ਇਕ ਗੈਸ ਪਾਈਪ ਲਾਈਨ ਨੂੰ ਬੰਬ ਧਮਾਕਿਆਂ ਨਾਲ ਉਡਾ ਦਿਤਾ | ਖਾਰਕੀਵ ਖੇਤਰ ਪ੍ਰਸ਼ਾਸਨ ਦੇ ਪ੍ਰਮੁਖ ਓਲੇਹ ਸਿਨੇਹਬੋਵ ਨੇ ਐਤਵਾਰ ਨੂੰ ਦਸਿਆ ਕਿ ਯੂਕਰੇਨੀ ਫ਼ੌਜ ਸ਼ਹਿਰ ਵਿਚ ਰੂਸੀ ਫ਼ੌਜ ਨਾਲ ਲੜ ਰਹੀ ਹੈ ਅਤੇ ਉਨ੍ਹਾਂ ਨੇ ਨਾਗਰਿਕਾਂ ਨੂੰ ਅਪਣੇ ਘਰਾਂ 'ਚੋਂ ਬਾਹਰ ਨਾ ਨਿਕਲਣ ਲਈ ਕਿਹਾ ਹੈ | ਖਾਰਕੀਵ ਰੂਸ ਦੀ ਸਰਹੱਦ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਰੂਸੀ ਫ਼ੌਜ ਖਾਰਕੀਵ ਵਿਚ ਦਾਖ਼ਲ ਹੋ ਗਈ ਹੈ | ਇਸ ਤੋਂ ਪਹਿਲਾਂ ਉਹ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਹੀ ਸੀ ਅਤੇ ਉਨ੍ਹਾਂ ਨੇ ਸ਼ਹਿਰ ਵਿਚ ਹੋਰ ਅੰਦਰ ਤਕ ਦਾਖ਼ਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਸੀ |
ਰੂਸ ਨੇ ਯੂਕਰੇਨ ਦੇ ਹਵਾਈ ਅੱਡਿਆਂ ਅਤੇ ਤੇਲ ਸੁਵਧਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ | ਇਹ ਹਮਲਾ ਦੂਜੇ ਗੇੜ ਦਾ ਪ੍ਰਤੀਤ ਹੁੰਦਾ ਹੈ, ਜੋ ਯੂਕਰੇਨ ਵਲੋਂ ਰੂਸੀ ਫ਼ੌਜ ਨੂੰ ਮਿਲ ਰਹੇ ਤਿੱਖੇ ਜਵਾਬ ਕਾਰਨ ਮੱਠਾ ਪ੍ਰਤੀਤ ਹੋਇਆ ਹੈ | ਅਮਰੀਕਾ ਅਤੇ ਯੂਰਪੀ ਸੰਘ (ਈਯੂ) ਨੇ ਯੂਕਰੇਨ ਨੂੰ ਹਥਿਆਰ ਅਤੇ ਗੋਲਾ-ਬਾਰੂਦ ਮੁਹਈਆ ਕਰਵਾਏ ਹਨ ਅਤੇ ਰੂਸ ਨੂੰ ਹੋਰ ਅਲੱਗ-ਥਲੱਗ ਕਰਨ ਲਈ ਸਖ਼ਤ ਪਾਬੰਦੀਆਂ ਲਗਾਈਆਂ ਹਨ |
ਯੂਕਰੇਨ ਦੀ ਰਾਜਧਾਨੀ ਕੀਵ ਦੇ ਦੱਖਣ ਵਿਚ ਐਤਵਾਰ ਤੜਕੇ ਵੱਡੇ ਧਮਾਕੇ ਹੋਏ ਅਤੇ ਲੋਕ ਰੂਸੀ ਫ਼ੌਜ ਦੇ ਹੋਰ ਹਮਲਿਆਂ ਦੇ ਖ਼ਦਸ਼ੇ ਵਿਚਾਲੇ ਅਪਣੇ ਘਰਾਂ, ਭੂਮੀਗਤ ਗੈਰਾਜਾਂ ਅਤੇ ਉਪ ਨਗਰ ਸਟੇਸ਼ਨਾਂ ਵਿਚ ਲੁਕ ਗਏ | ਯੂਕਰੇਨੀ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੇ ਦਫ਼ਤਰ ਨੇ ਜਾਣਕਾਰੀ ਦਿਤੀ ਕਿ ਰੂਸੀ ਫ਼ੌਜ ਨੇ ਦੇਸ਼ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿਚ ਇਕ ਗੈਸ ਪਾਈਪ ਲਾਈਨ ਵਿਚ ਧਮਾਕੇ ਕੀਤੇ | ਜੇਲੇਂਸਕੀ ਨੇ ਕਿਹਾ,''ਅਸੀਂ ਅਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਖ਼ਰੀ ਸਾਹ ਤਕ ਲੜਾਂਗੇ |
ਯੂਕਰੇਨ ਨੇ ਦਾਅਵਾ ਕੀਤਾ ਕਿ ਹੁਣ ਤਕ ਦੀ ਲੜਾਈ ਵਿਚ ਕਰੀਬ 4300 ਰੂਸੀ ਫ਼ੌਜੀ ਮਾਰੇ ਗਏ ਹਨ | ਨਾਲ ਹੀ ਕਰੀਬ 146 ਟੈਂਕ, 27 ਜਹਾਜ਼ ਅਤੇ 26 ਹੈਲੀਕਾਪਟਰ ਤਬਾਹ ਕਰ ਦਿਤੇ ਗਏ ਹਨ | ਦੂਜੇ ਪਾਸੇ ਰੂਸ ਨੇ ਐਤਵਾਰ ਦੁਪਹਿਰ ਯੂਕਰੇਨ ਨੂੰ ਗੱਲਬਾਤ ਦਾ ਸੱਦਾ ਦਿੰਦਿਆਂ ਆਖ਼ਰੀ ਅਲਟੀਮੇਟਮ ਦਿਤਾ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅਡਵਾਈਜ਼ਰ ਮੇਂਡਿਸਕੀ ਨੇ ਕਿਹਾ,''ਯੂਕਰੇਨ ਕੋਲ 11 ਵਜੇ ਤਕ ਦਾ ਸਮਾਂ ਹੈ | ਉਹ ਤੈਅ ਕਰ ਲੈਣ ਕਿ ਬੇਲਾਰੂਸ ਵਿਚ ਗੱਲਬਾਤ ਕਰਨੀ ਹੈ ਜਾਂ ਨਹੀਂ | ਜਿੰਨੀ ਜਲਦੀ ਉਹ ਗੱਲਬਾਤ ਸ਼ੁਰੂ ਕਰਨਗੇ, ਨੁਕਸਾਨ ਉਂਨਾ ਹੀ ਘੱਟ ਹੋਵੇਗਾ | ਅਸੀਂ ਵੀ ਸ਼ਾਂਤੀ ਚਾਹੁੰਦੇ ਹਾਂ |'' ਇਸ ਦੇ ਜਵਾਬ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜੇਲੇਂਸਕੀ ਨੇ ਕਿਹਾ ਕਿ ਬੇਲਾਰੂਸ ਵਿਚ ਗੱਲਬਾਤ ਨਹੀਂ ਕੀਤੀ ਜਾਵੇਗੀ | ਬੇਲਾਰੂਸ ਜੰਗ ਵਿਚ ਰੂਸ ਦੀ ਜ਼ਮੀਨੀ ਪੱਧਰ 'ਤੇ ਮਦਦ ਕਰ ਰਿਹਾ ਹੈ |
ਜੇਲੇਂਸਕੀ ਨੇ ਕਿਹਾ,''ਬੇਸ਼ੱਕ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਮਿਲਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਜੰਗ ਖ਼ਤਮ ਹੋਵੇ | ਅਸੀਂ ਰੂਸ ਨੂੰ ਗੱਲਬਾਤ ਲਈ ਵਾਰਸਾ, ਬਰਾਤਿਸਲਾਵਾ, ਬੁਡਾਪੇਸਟ, ਇਸਤਾਂਬੁਲ, ਬਾਕੂ ਦੀ ਪੇਸ਼ਕਸ਼ ਕੀਤੀ ਹੈ |'' ਇਸ ਵਿਚਾਲੇ ਅਮਰੀਕਾ ਨੇ ਟੈਂਕ ਰੋਕੂ ਹਥਿਆਰਾਂ ਅਤੇ ਛੋਟੇ ਹਥਿਆਰਾਂ ਸਮੇਤ ਯੂਕਰੇਨ ਨੂੰ 35 ਕਰੋੜ ਡਾਲਰ ਦੀ ਵਾਧੂ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ | ਜਰਮਨੀ ਨੇ ਵੀ ਕਿਹਾ ਕਿ ਉਹ ਯੂਕਰੇਨ ਨੂੰ ਮਿਜ਼ਾਈਲਾਂ ਅਤੇ ਟੈਂਕ ਰੋਕੂ ਹਥਿਆਰ ਭੇਜੇਗਾ ਅਤੇ ਰੂਸੀ ਜਹਾਜ਼ਾਂ ਲਈ ਅਪਣੇ ਹਵਾਈ ਖੇਤਰ ਨੂੰ ਬੰਦ ਕਰ ਦੇਵੇਗਾ | (ਪੀਟੀਆਈ)