
ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਇੱਕ ਬਦਮਾਸ਼ ਨੇ ਜੁਝਾਰ ਗਰੁੱਪ ਦੇ ਇੱਕ ਮੁਲਾਜ਼ਮ ਨੂੰ ਲੁੱਟ ਲਿਆ। ਇਹ ਮੁਲਾਜ਼ਮ ਦੇਰ ਸ਼ਾਮ ਬੱਸ ਸਟੈਂਡ ਤੋਂ ਉਗਰਾਹੀ ਕਰਕੇ ਵਾਪਸ ਦਫ਼ਤਰ ਜਾ ਰਿਹਾ ਸੀ। ਬਦਮਾਸ਼ ਉਸ ਦਾ ਪਿੱਛਾ ਕਰਨ ਲੱਗਾ ਅਤੇ ਦਫ਼ਤਰ ਪਹੁੰਚ ਗਿਆ। ਜਿਵੇਂ ਹੀ ਕਰਮਚਾਰੀ ਦਫ਼ਤਰ ਦੀਆਂ ਪੌੜੀਆਂ ਚੜ੍ਹਨ ਲੱਗਾ ਤਾਂ ਬਦਮਾਸ਼ ਉਸ ਦੇ ਕੋਲ ਆਇਆ ਅਤੇ ਤੁਰੰਤ ਉਸ ਦੇ ਹੱਥ ਵਿਚ ਫੜਿਆ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਿਆ।
ਬੈਗ ਵਿਚ ਕਰੀਬ 2 ਲੱਖ ਰੁਪਏ ਸਨ। ਮੁਲਾਜ਼ਮ ਦੀ ਪਛਾਣ ਜੱਸੀ ਵਜੋਂ ਹੋਈ ਹੈ। ਉਸ ਨੇ ਤੁਰੰਤ ਲੁੱਟ ਦੀ ਘਟਨਾ ਦੀ ਸੂਚਨਾ ਆਪਣੇ ਹੋਰ ਮੁਲਾਜ਼ਮਾਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕੰਪਨੀ ਦੇ ਅਧਿਕਾਰੀ, ਬੱਸ ਸਟੈਂਡ ਚੌਕੀ ਅਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਬੱਸ ਸਟੈਂਡ ਚੌਕੀ ਤੋਂ ਕੁੱਝ ਹੀ ਦੂਰੀ 'ਤੇ ਵਾਪਰੀ।
ਸ਼ਰਾਰਤੀ ਅਨਸਰਾਂ ਦੇ ਮਨਾਂ ਵਿਚੋਂ ਪੁਲਿਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਪੁਲਿਸ ਚੌਕੀਆਂ ਅਤੇ ਥਾਣਿਆਂ ਦੇ ਨੇੜੇ ਲੁੱਟ ਦੀਆਂ ਵਾਰਦਾਤਾਂ ਸ਼ਰੇਆਮ ਵਾਪਰ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਹੋਰ ਟਰਾਂਸਪੋਰਟ ਮਾਲਕਾਂ ਵਿਚ ਰੋਸ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਜਿਸ ਵਿਚ ਲੁਟੇਰਾ ਮੁਲਾਜ਼ਮ ਦੇ ਮਗਰ ਆਉਂਦਾ ਦਿਖਾਈ ਦਿੱਤਾ ਅਤੇ ਬੈਗ ਖੋਹ ਕੇ ਫਰਾਰ ਹੋ ਗਿਆ। ਉਸ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।