
ਅਣਹੋਣੀ ਹੋਣ ਤੋਂ ਬਚਾਉਣ ਲਈ ਇੱਕ ਸੇਫ਼ਟੀ ਮੋਟਰ ਬੋਟ ਦਾ ਵੀ ਕੀਤਾ ਗਿਆ ਪ੍ਰਬੰਧ
ਰੂਪਨਗਰ (ਵਿਨੋਦ ਸਰਮਾ) :ਪੰਜਾਬ ਸਰਕਾਰ ਵੱਲੋਂ ਸ੍ਰੀ ਚਮਕੌਰ ਸਾਹਿਬ ਨੂੰ ਸੈਰ ਸਪਾਟੇ ਵਜੋਂ ਸਥਾਪਿਤ ਕਰਨ ਲਈ ਹੁਣ ਪੱਕੇ ਤੌਰ ਉੱਤੇ ਬੋਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਕੱਲ੍ਹ ਵਿਧਾਇਕ ਡਾ. ਚਰਨਜੀਤ ਸਿੰਘ ਤੇ ਡਿਪਟੀ ਕਮਿਸਨਰ ਹਿਮਾਂਸੂ ਜੈਨ ਨੇ ਕੀਤਾ। ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਰ ਵਲੋਂ ਜ਼ਿਲ੍ਹਾ ਰੂਪਨਗਰ ਨੂੰ ਵਾਟਰ ਅਤੇ ਅਡਵੈਂਚਰ ਟੂਰਜ਼ਿਮ ਵਜੋਂ ਵਿਕਸਿਤ ਕਰਨ ਲਈ ਅਤੇ ਸਿੱਖ ਇਤਿਹਾਸ ਵਿੱਚ ਮਹੱਤਤਾ ਰੱਖਣ ਵਾਲੇ ਸਥਾਨਾਂ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਹੀ ਦਾਸਤਾਨ ਏ ਸਹਾਦਤ ਦੇ ਸਾਹਮਣੇ ਤੋਂ ਬੋਟਿੰਗ ਦੀ ਸੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਬੋਟਿੰਗ ਹੁਣ ਅਗਲੇ 7 ਸਾਲਾਂ ਤੱਕ ਜਾਰੀ ਰੱਖੀ ਜਾਵੇਗੀ। ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਦਿ੍ਰਸ ਅਤੇ ਬੋਟਿੰਗ ਦੂਰ ਦੁਰਾਡੇ ਤੋਂ ਆਉਣ ਵਾਲੇ ਸੈਲਾਨੀਆਂ ਲਈ ਇੱਕ ਯਾਦਗਾਰ ਪਲ ਬਣਾਉਣ ਵਿੱਚ ਯਕੀਨਨ ਕਾਮਯਾਬ ਹੋਵੇਗੀ। ਇਸ ਮੌਕੇ ਡਿਪਟੀ ਕਮਿਸਨਰ ਹਿਮਾਂਸੂ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਾਟਰ ਟੂਰਜ਼ਿਮ ਨੂੰ ਉਤਸ਼ਾਹਿਤ ਕਰਨ ਲਈ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸਰਹੰਦ ਨਹਿਰ ਵਿਖੇ ਵਿਸ਼ੇਸ਼ ਤੌਰ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਸ੍ਰੀ ਚਮਕੌਰ ਸਾਹਿਬ ਅਤੇ ਦਾਸਤਾਨ ਏ ਸਹਾਦਤ ਵਿਖੇ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਬੋਟਿੰਗ ਦੀ ਸੁਰੂਆਤ ਖਿੱਚ ਦਾ ਕੇਂਦਰ ਬਣੇਗੀ।
ਡਿਪਟੀ ਕਮਿਸਨਰ ਨੇ ਅੱਗੇ ਕਿਹਾ ਕਿ 2 ਮੋਟਰ ਬੋਟਾਂ ਜਿਸ ਵਿੱਚ 10 ਸੀਟਰ 1 ਬੋਟ, 12 ਸੀਟਰ 1 ਬੋਟ, ਜੈਡ ਸਕੀਅ ਤੋਂ ਇਲਾਵਾ ਰੇਸਕਿਊ ਲਈ ਅਲੱਗ ਤੋਂ ਬੋਟ ਉਪਲੱਬਧ ਹੈ। ਇਸ ਦੇ ਨਾਲ ਹੀ ਸੇਫਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਲਾਈਫ ਜੈਕਟਾਂ, ਚੱਪੂ ਕਿਸਤੀਆਂ ਵੀ ਸਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਹੋਣ ਤੋਂ ਬਚਾਉਣ ਲਈ ਇੱਕ ਸੇਫਟੀ ਮੋਟਰ ਬੋਟ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਡੀ.ਐਸ.ਪੀ ਮਨਜੀਤ ਸਿੰਘ ਔਲਖ, ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਹਿਮਾਂਸੂ, ਨਾਇਬ ਤਹਿਸੀਲਦਾਰ ਕਰਮਜੋਤ ਸਿੰਘ ਅਤੇ ਹੋਰ ਪਾਰਟੀ ਆਗੂ ਹਾਜਰ ਸਨ।