
ਜਿਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ
ਪਿੰਡ ਅਤਾਪੁਰ ਦਾ ਬਜ਼ੁਰਗ ਵਿਅਕਤੀ ਇਨਸਾਫ਼ ਲੈਣ ਲਈ ਤੀਜੀ ਵਾਰ ਅੱਜ ਤੜਕਸਾਰ ਹੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ ਜਿਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਪਿੰਡ ਵਿਚ ਪੁਲਿਸ ਅਧਿਕਾਰੀ ਏ.ਐਸ.ਪੀ ਰਵਜੋਤ ਗਰੇਵਾਲ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ, ਕਾਨੂੰਗੋ ਹਾਕਮ ਸਿੰਘ ਅਤੇ ਐਸ.ਐਚ.ਓ. ਮੂਲੇਪੁਰ ਸਤਨਾਮ ਸਿੰਘ ਵਿਰਕ ਮੌਕੇ 'ਤੇ ਪਹੁੰਚ ਗਏ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਈ ਘੰਟੇ ਥੱਲੇ ਉਤਰਨ ਲਈ ਮਿੰਨਤਾਂ ਤਰਲੇ ਵੀ ਕੀਤੇ ਪ੍ਰੰਤੂ ਬਜ਼ੁਰਗ ਟੈਂਕੀ ਤੋਂ ਥੱਲੇ ਨਾ ਉਤਰਨ ਦੀ ਅਪਣੀ ਜ਼ਿੱਦ 'ਤੇ ਬਜਿੱਦ ਰਿਹਾ। ਕਈ ਘੰਟੇ ਬੀਤ ਜਾਣ ਬਾਅਦ ਬਜ਼ੁਰਗ ਨੇ ਪਾਣੀ ਵਾਲੀ ਟੈਂਕੀ ਉਪਰ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨੂੰ ਪੁਲਿਸ ਨੇ ਟੈਂਕੀ ਤੋਂ ਥੱਲੇ ਉਤਾਰ ਕੇ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਪੀ ਰਵਜੋਤ ਗਰੇਵਾਲ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅਤਾਪੁਰ ਦੇ ਇਕ ਬਜ਼ੁਰਗ ਕਿਸੇ ਪ੍ਰੇਸ਼ਾਨੀ ਕਾਰਨ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਹੈ ਜਿਸ ਨੂੰ ਪੁਲਿਸ ਦੇ ਕਹਿਣ 'ਤੇ ਹੇਠਾਂ ਨਾ ਉਤਰਨ ਤੇ ਬਜ਼ੁਰਗ ਜਸਵੰਤ ਸਿੰਘ ਨੇ ਕੋਈ ਟੈਂਕੀ 'ਤੇ ਬੈਠੇ ਨੇ ਜ਼ਹਿਰੀਲੀ ਚੀਜ਼ ਨੀਗਲ ਲਈ ਹੈ ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਚ ਡਿਊਟੀ 'ਤੇ ਤਾਇਨਾਤ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਨੇੜਲੇ ਪਿੰਡ ਅਤਾਪੁਰ ਦੇ ਇਕ ਬਜ਼ੁਰਗ ਜਸਵੰਤ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਹੋਈ ਲੱਗਦੀ ਹੈ ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿਤਾ ਹੈ। ਇਸ ਤੋਂ ਪਹਿਲਾਂ ਟੈਂਕੀ 'ਤੇ ਚੜ੍ਹੇ ਬਜ਼ੁਰਗ ਜਸਵੰਤ ਸਿੰਘ ਨੇ ਕਿਹਾ ਕਿ ਮੇਰੇ ਮਕਾਨ ਨੂੰ ਐਲੀਮਂੈਟਰੀ ਸਕੂਲ ਨੂੰ ਰਸਤਾ ਜਾਂਦਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਪੰਚਾਇਤ ਵਲੋਂ ਉਨ੍ਹਾਂ ਦੇ ਘਰ ਕੋਲੋਂ ਗਲੀ ਬਣਾਉਣ ਸਮੇਂ ਉਨ੍ਹਾਂ ਦੀ ਘਰ ਦੀ ਕੰਧ ਢੁਆ ਕੇ ਉਸ ਦੀ ਜਗ੍ਹਾਂ ਵਿਚ ਗਲੀ ਬਣਾ ਦਿਤੀ ਹੈ।
Suicide
ਉਸ ਨੇ ਕਿਹਾ ਕਿ 2017 ਨੂੰ ਪੰਚਾਇਤ ਨੇ ਮਿਣਤੀ ਦੀ ਇਤਲਾਹ ਦਿਤੇ ਬਿਨ੍ਹਾਂ ਉਸ ਦੀ ਥਾਂ 'ਤੇ ਕਬਜ਼ਾ ਕਰ ਲਿਆ ਸੀ । ਜਦੋਂ ਕਿ ਉਸ ਨੇ ਪਹਿਲਾਂ ਦੋ ਵਾਰ ਨਿਸ਼ਾਨਦੇਹੀ ਕਰਵਾਈ ਹੋਈ ਹੈ । ਉਸ ਨੇ ਕਿਹਾ ਕਿ ਪਹਿਲਾਂ ਵੀ ਉਹ ਦੋ ਵਾਰ ਇਨਸਾਫ਼ ਲਈ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਸੀ ਤੇ ਪ੍ਰਸ਼ਾਸਨ ਵਲੋਂ ਇਨਸਾਫ਼ ਦਾ ਭਰੋਸਾ ਦੇ ਕੇ ਹੇਠਾ ਉਤਾਰ ਲਿਆ ਗਿਆ ਸੀ , ਪਰ ਪ੍ਰਸ਼ਾਸਨ ਵਲੋਂ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਉਸ 'ਤੇ ਪਰਚਾ ਦਰਜ ਕਰ ਦਿਤਾ ਸੀ। ਉਸ ਨੇ ਦਸਿਆ ਕਿ ਉਕਤ ਮਾਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਨੂੰ ਦਰਖ਼ਾਸਤ ਦਿਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ । ਫਿਰ ਐਸ.ਡੀ.ਐਮ ਫ਼ਤਿਹਗੜ੍ਹ ਸਾਹਿਬ ਨੇ ਨਿਸ਼ਾਨਦੇਹੀ ਕਰਵਾਉਣ ਲਈ ਹਦਾਇਤ ਕੀਤੀ ਸੀ, ਪਰ ਮੌਜੂਦਾ ਪੰਚਾਇਤ ਅਤੇ ਕਾਂਗਰਸੀ ਆਗੂ ਨੇ ਕਥਿਤ ਤੌਰ 'ਤੇ ਮਿਣਤੀ ਨਹੀਂ ਹੋਣ ਦਿਤੀ ਜਿਸ ਕਾਰਨ ਉਹ ਮਜਬੂਰ ਹੋ ਕੇ ਅੱਜ ਦੁਬਾਰਾ ਟੈਂਕੀ 'ਤੇ ਚੜ੍ਹਿਆ।ਜਦੋਂ ਉਕਤ ਮਾਮਲੇ ਸਬੰਧੀ ਸਾਲ 2011 ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਪੰਚਾਇਤ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ, ਨਾ ਤਾਂ ਉਹ ਸਰਪੰਚ ਹਨ ਅਤੇ ਨਾ ਹੀ ਪੰਚ। ਉਸ ਨੇ ਦਸਿਆ ਕਿ ਜਸਵੰਤ ਸਿੰਘ ਨਾਲ ਬਹੁਤ ਪਹਿਲਾਂ ਉਨ੍ਹਾਂ ਦਾ ਪੈਸਿਆਂ ਦਾ ਲੈਣ-ਦੈਣ ਸੀ, ਜੋ ਉਸ ਨੇ ਅਦਾਲਤ ਦੀ ਮਦਦ ਨਾਲ ਲਏ ਸਨ ਤੇ ਇਸੇ ਕਾਰਨ ਹੀ ਰੰਜਿਸ਼ਬਾਜ਼ੀ ਕਰ ਕੇ ਜਸਵੰਤ ਸਿੰਘ ਉਸ ਦਾ ਨਾਮ ਨਾਲ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪ੍ਰਸ਼ਾਸਨ ਵਲੋਂ ਉਸੇ ਜਗ੍ਹਾਂ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ ਤੇ ਮਿੰਨਤੀ ਜਿਵੇਂ ਦੀ ਤਿਵੇਂ ਹੀ ਪਾਈ ਗਈ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਮੂਲੇਪੁਰ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਜਸਵੰਤ ਸਿੰਘ ਦੀ ਮੰਗ ਅਨੁਸਾਰ ਤਹਿਸਲੀਦਾਰ, ਕੰਨੂਗੋ ਤੇ ਹੋਰ ਸਬੰਧਤ ਅਧਿਕਾਰੀਆਂ ਵਲੋਂ ਅੱਜ ਵੀ ਉਸ ਦੀ ਜਗ੍ਹਾਂ ਵਾਲੀ ਥਾਂ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ ਜੋ ਪਹਿਲਾਂ ਵਾਂਗ ਹੀ ਪਾਈ ਗਈ ਹੈ ਤੇ ਇਸ ਕਾਰਵਾਈ ਨੂੰ ਟੈਂਕੀ 'ਤੇ ਚੜ੍ਹੇ ਜਸਵੰਤ ਸਿੰਘ ਨੂੰ ਜਾਣੂੰ ਕਰਵਾ ਦਿਤਾ ਗਿਆ ਸੀ।