
ਅਮੋਲਕ ਸਿੰਘ ਕਾਹਲੋਂ ਪ੍ਰਧਾਨ ਚੜ੍ਹਦੀ ਕਲਾ ਸਪੋਰਟਸ ਕਲੱਬ ਨੇ ਕਿਸਾਨਾਂ ਦੀ ਹਮਾਇਤ ’ਚ ਅੰਦੋਲਨ ਦੀ ਅਗਵਾਈ ਕੀਤੀ
ਵਾਸ਼ਿੰਗਟਨ ਡੀਸੀ, 27 ਮਾਰਚ (ਸੁਰਿੰਦਰ ਗੁੱਲ): ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਲਟੀਮੇਟਮ ਦਿਤਾ ਕਿ 15 ਦਿਨਾਂ ਦੇ ਅੰਦਰ ਕਿਸਾਨ ਬਿਲਾਂ ਦੀ ਵਾਪਸੀ ਕੀਤੀ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ‘ਮੋਦੀ ਹਟਾਉ, ਕਿਸਾਨ ਬਚਾਉ’ ਅੰਦੋਲਨ ਦੇਸ਼ ਦੇ ਯੁਵਾ ਵਲੋਂ ਸ਼ੁਰੂ ਕਰਵਾਇਆ ਜਾਵੇਗਾ ਜਿਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਹਰ ਕਮਿਊਨਿਟੀ ਇਸ ਅੰਦੋਲਨ ਦਾ ਹਿੱਸਾ ਬਣੇਗੀ ਜਿਵੇਂ ਅਮਰੀਕਾ ਵਿਚ ਹਰ ਸਟੇਟ ਤੋਂ ਲੋਕ ਜੁੜਨ ਲੱਗ ਪਏ ਹਨ। ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦਾ ਪ੍ਰਧਾਨ ਮੰਤਰੀ ਹੈ। ਉਸ ਨੂੰ ਹਰ ਇਕ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਲੋਕਾਂ ਦੀ ਤਾਕਤ ਦਾ ਅੰਦਾਜ਼ਾ ਮੋਦੀ ਨੂੰ ਨਹੀਂ ਹੈ ਫਿਰ ਵੀ ਕੀ ਮਜਬੂਰੀ ਬਣੀ ਹੋਈ ਹੈ। ਵਿਸਾਖੀ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਂ ਦਿਤਾ ਜਾਂਦਾ ਹੈ। ਜੇਕਰ ਕਿਸਾਨਾਂ ਵਿਰੁਧ ਪਾਸ ਕੀਤੇ ਕਾਨੂੰਨਾਂ ਦਾ ਹੱਲ ਨਾ ਕੀਤਾ ਤਾਂ ਨੌਜਵਾਨ ਪੂਰੇ ਭਾਰਤ ਵਿਚ ਜਨ ਅੰਦੋਲਨ ਦਾ ਐਲਾਨ ਕਰਨਗੇ। ਅੱਜ ਦੇ ਕਿਸਾਨ ਹਮਾਇਤੀ ਅੰਦੋਲਨ ਦੀ ਅਗਵਾਈ ਵ੍ਹਾਈਸ ਹਾਊਸ ਸਾਹਮਣੇ ਅਮੋਲਕ ਸਿੰਘ ਕਾਹਲੋਂ ਯੂਥ ਨੇਤਾ ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਬਖ਼ਸ਼ੀਸ਼ ਸਿੰਘ ਕੋ-ਚੇਅਰ ਡੈਮੋਕਰੇਟਿਕ ਪਾਰਟੀ ਅਮਰੀਕਾ ਨੇ ਕੀਤੀ। ਉਨ੍ਹਾਂ ਨਾਲ ਪ੍ਰਬੰਧਕੀ ਨੇਤਾ ਮਹਿਤਾਬ ਸਿੰਘ ਕਾਹਲੋਂ, ਕਰਨਬੀਰ ਸਿੰਘ ਸੇਖੋ, ਹਰਜੀਤ ਸਿੰਘ ਹੁੰਦਲ ਅਤੇ ਸੁਰਿੰਦਰ ਸਿੰਘ ਵਰਜੀਨੀਆ ਤੋਂ ਇਲਾਵਾ ਹੋਰ ਹਾਜ਼ਰ ਸਨ।