
ਵ੍ਹਾਈਟ ਹਾਊਸ ਸਾਹਮਣੇ ਕਿਸਾਨ ਹਮਾਇਤੀ
ਅੰਦੋਲਨ ਵਿਚ ਤੇਲਗੂ ਕਮਿਊਨਿਟੀ ਦੇ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ
ਵਾਸ਼ਿੰਗਟਨ ਡੀ. ਸੀ., 27 ਮਾਰਚ (ਸੁਰਿੰਦਰ ਗਿੱਲ): ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਅੰਦੋਲਨ ਅੱਜ 14ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਜਿਥੇ ਭਾਰਤ ਸਰਕਾਰ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ, ਸਗੋਂ ਤਾਨਾਸ਼ਾਹੀ ਰਵਈਏ ਦਾ ਪ੍ਰਗਟਾਵਾ ਕੀਤਾ ਹੋਇਆ ਹੈ। ਧਰਮ ਸਿੰਘ ਗੁਰਾਇਆ ਨੇ 14ਵੇਂ ਜਥੇ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਕਲ ਨੂੰ ਦੁੱਲਾ ਭੱਟੀ ਦਾ ਜਨਮ ਦਿਨ ਹੈ ਜਿਸ ਨੇ ਸਾਰੀ ਉਮਰ ਮਜ਼ਲੂਮਾਂ ਦੀ ਮਦਦ ਕੀਤੀ ਅਤੇ ਕਿਸਾਨੀ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ। ਕਿਸਾਨਾਂ ਨੂੰ ਤੰਗ ਕਰਨ ਦਾ ਮਤਲਬ ਪੂਰੇ ਮੁਲਕ ਨੂੰ ਤੰਗ ਕਰਨਾ ਹੈ ਜੋ ਮੋਦੀ ਤੇ ਉਸ ਦੀ ਸਰਕਾਰ ਕਰ ਰਹੀ ਹੈ।
ਧਰਮ ਸਿੰਘ ਗੁਰਾਇਆ ਨੇ ਕਿਹਾ ਕਿ ਅਸੀਂ ਦੁੱਲੇ ਭੱਟੀ ਦੇ ਕਿਸਾਨੀ ਖਾਨੇ ਵਿਚ ਰੰਗ ਭਰਨ ਲਈ ਇਕੱਠੇ ਹੋਏ ਹਾਂ ਜਿਸ ਵਿਚ ਅੱਜ ਤੇਲਗੂ ਨੌਜਵਾਨਾਂ ਨੇ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਵੇਲਾ ਆ ਗਿਆ ਹੈ ਕੇਂਦਰ ਤੋਂ ਬੀ. ਜੇ. ਪੀ. ਨੂੰ ਚਲਦਾ ਕਰੀਏ। ਸੋ ਹਰ ਇਕ ਵਿਅਕਤੀ ਅਪਣੀ ਵੋਟ ਬੀ. ਜੇ. ਪੀ. ਨੂੰ ਛੱਡ ਕੇ ਜਿਸ ਨੂੰ ਮਰਜ਼ੀ ਦੇਵੇ ਅਤੇ ਮੋਦੀ ਨੂੰ ਦਸ ਦੇਵੇ ਕਿ ਜੋ ਤਾਕਤ ਦੇ ਸਕਦੇ ਹਨ ਉਹ ਲੈ ਵੀ ਸਕਦੇ ਹਨ। ਅਮਰੀਕਾ ਵਿਚ ਵ੍ਹਾਈਟ ਹਾਊਸ ਸਾਹਮਣੇ ਕਿਸਾਨ ਅੰਦੋਲਨ ਹੁਣ ਲੋਕਾਂ ਦਾ ਅੰਦੋਲਨ ਬਣ ਗਿਆ ਹੈ ਜਿਸ ਲਈ ਤਿੰਨ ਸਾਲਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ ਕਿ ਜਦੋਂ ਤਕ ਬੀ. ਜੇ. ਪੀ. ਸਰਕਾਰ ਹੈ ਇਸ ਨੂੰ ਤਾਕਤ ਤੋਂ ਮੁਕਤ ਕਰਨਾ ਹੀ ਕਿਸਾਨਾਂ ਦੇ ਬਿਲਾਂ ਦੀ ਵਾਪਸੀ ਹੈ। ਸਾਡੀ ਅਪੀਲ ਹੈ ਕਿ ਮੋਦੀ ਸਰਕਾਰ ਨੂੰ ਕਿ ਉਹ ਇਸ ਨੂੰ ਚੈਲੰਜ ਨਾ ਸਮਝਣ, ਸਗੋਂ ਕਿਸਾਨਾਂ ਨੂੰ ਰਾਹਤ ਦੇਣ, ਕਾਲੇ ਕਿਸਾਨੀ ਬਿਲ ਵਾਪਸ ਲੈ ਕੇ ਕਿਸਾਨਾਂ ਨੂੰ ਖ਼ੁਸ਼ੀ ਖ਼ੁਸ਼ੀ ਘਰ ਭੇਜਣ। ਇਸ ਵਿਚ ਹੀ ਭਲਾ ਹੈ, ਨਹੀਂ ਤਾਂ ਅਵਾਮ ਕਦੇ ਮਾਫ਼ ਨਹੀਂ ਕਰੇਗਾ।