
ਰਾਜਪਾਲ 3 ਤੋਂ 8 ਅਪ੍ਰੈਲ ਤਕ ਗੁਰਦਾਸਪੁਰ ਤੇ ਅੰਮ੍ਰਿਤਸਰ ਵਿਚ ਨਸ਼ਿਆਂ ਵਿਰੁਧ ਕਰਨਗੇ ਪੈਦਲ ਯਾਤਰਾ
ਮਾਣਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੇ ਅੰਮ੍ਰਿਤਸਰ ਵਿਚ ਮਿਤੀ 3 ਤੋਂ 8 ਅਪ੍ਰੈਲ ਤਕ ਨਸ਼ਿਆਂ ਵਿਰੁਧ ਪੈਦਲ ਯਾਤਰਾ ਕਰ ਕੇ ਸੂਬਾ ਵਾਸੀਆਂ ਨੂੰ ਨਸ਼ਿਆਂ ਵਿਰੁਧ ਲਾਮਬੰਦ ਕੀਤਾ ਜਾਵੇਗਾ। ਨਸ਼ਿਆਂ ਵਿਰੁਧ ਇਹ ਪੈਦਲ ਯਾਤਰਾ 3 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ, ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ 8 ਅਪ੍ਰੈਲ 2025 ਨੂੰ ਜੱਲਿਆਂਵਾਲਾ ਬਾਗ, ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ।
ਇਸ ਪੈਦਰ ਯੋਤਰਾ ’ਚ ਸ਼ਾਮਲ ਹੋਣ ਲਈ ਰਾਜਪਾਲ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੱਦਾ ਪੱਤਰ ਦਿਤਾ ਗਿਆ ਹੈ। ਜਿਸ ਵਿਚ ਲਿਖਿਆ ਹੈ ਕਿ ਅਸੀਂ 3 ਤੋਂ 8 ਅਪ੍ਰੈਲ ਤਕ ਨਸ਼ਿਆਂ ਵਿਰੁਧ ਪੈਦਲ ਯਾਤਰਾ ਕੱਢ ਰਹੇ ਹਾਂ ਜਿਸ ਵਿਚ ਤੁਸੀਂ ਸ਼ਾਮਲ ਹੋਵੋ ਤਾਂ ਜੋ ਅਸੀਂ ਸਭ ਮਿਲ ਕੇ ਇਸ ਯਾਤਰਾ ਨੂੰ ਸਫ਼ਲ ਬਣਾਈਏ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ। ਇਸ ਪੈਦਲ ਯਾਤਰਾ ਦੀਆਂ ਤਿਆਰੀਆਂ ਸਬੰਧੀ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਸਕੱਤਰ, ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ, ਚੰਡੀਗੜ੍ਹ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ
।ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਰਾਜਪਾਲ ਸਿੰਘ ਸੇਖੋਂ, ਐੱਸ.ਡੀ.ਐੱਮ. ਫ਼ਤਿਹਗੜ੍ਹ ਚੂੜੀਆਂ ਸ੍ਰੀਮਤੀ ਵੀਰਪਾਲ ਕੌਰ, ਸਹਾਇਕ ਕਮਿਸ਼ਨਰ (ਜ) ਆਦਿੱਤਿਆ ਗੁਪਤਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦਸਿਆ ਸੀ ਕਿ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਵਲੋਂ ਨਸ਼ਿਆਂ ਵਿਰੁਧ ਪੈਦਲ ਯਾਤਰਾ ਦੀ ਸ਼ੁਰੂਆਤ ਮਿਤੀ 3 ਅਪ੍ਰੈਲ 2025 ਨੂੰ ਸਵੇਰੇ 6:00 ਵਜੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ, ਡੇਰਾ ਬਾਬਾ ਨਾਨਕ ਤੋਂ ਕੀਤੀ ਜਾਵੇਗੀ।
ਇਸ ਪੈਦਲ ਯਾਤਰਾ ਵਿੱਚ ਜ਼ਿਲ੍ਹੇ ਦੇ ਨੌਜਵਾਨ, ਖਿਡਾਰੀ, ਵਿਦਿਆਰਥੀ, ਲੇਖਕ, ਬੁੱਧੀਜੀਵੀ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਮ ਲੋਕ ਹਿੱਸਾ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲੈਣਗੇ। ਉਨ੍ਹਾਂ ਦੱਸਿਆ ਕਿ ਆਪਣੀ ਯਾਤਰਾ ਦੌਰਾਨ ਮਾਣਯੋਗ ਰਾਜਪਾਲ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਪਹਿਲੇ ਦਿਨ ਪੈਦਲ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ, ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਾਹਲੀ ਸਾਹਿਬ (ਨੇੜੇ ਡੇਰਾ ਬਾਬਾ ਨਾਨਕ) ਵਿਖੇ ਖ਼ਤਮ ਹੋਵੇਗੀ।
photo
ਪੈਦਲ ਯਾਤਰਾ ਦਾ ਦੂਸਰੇ ਦਿਨ ਅਗਾਜ਼ ਡਿਵਾਈਨ ਪਬਲਿਕ ਸਕੂਲ ਤੋਂ ਹੋਵੇਗਾ ਅਤੇ ਇਸ ਦੀ ਸਮਾਪਤੀ ਐੱਸ.ਡੀ. ਕਾਲਜ ਫ਼ਤਿਹਗੜ੍ਹ ਚੂੜੀਆਂ ਵਿਖੇ ਹੋਵੇਗੀ। ਮਿਤੀ 5 ਤੋਂ 8 ਅਪ੍ਰੈਲ ਤਕ ਪੈਦਲ ਯਾਤਰਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗੀ।