
ਪਟਿਆਲਾ ਤੇ ਗੁਰਦਾਸਪੁਰ ਕਾਂਗਰਸ ਲਈ ਅਤੇ ਸੰਗਰੂਰ 'ਆਪ' ਲਈ ਵੱਕਾਰੀ ਹਲਕਾ ਬਣਿਆ
ਚੰਡੀਗੜ੍ਹ : ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ 6 ਹਲਕੇ ਤਿੰਨ ਪ੍ਰਮੁੱਖ ਪਾਰਟੀਆਂ ਲਈ ਵਕਾਰ ਦਾ ਸਵਾਲ ਬਣ ਗਏ ਹਨ। ਦੋ ਹਲਕੇ ਪਟਿਆਲਾ ਅਤੇ ਗੁਰਦਾਸਪੁਰ ਕਾਂਗਰਸ ਲਈ ਵਕਾਰੀ ਹਨ ਤੇ ਦੋ ਹਲਕੇ ਬਠਿੰਡਾ ਅਤੇ ਫ਼ਿਰੋਜ਼ਪੁਰ ਅਕਾਲੀ ਦਲ ਖ਼ਾਸ ਕਰ ਕੇ ਬਾਦਲ ਪਰਵਾਰ ਲਈ, ਦੋ ਹਲਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਭਾਜਪਾ ਲਈ ਅਤੇ ਇਕ ਹਲਕਾ ਸੰਗਰੂਰ 'ਆਪ' ਲਈ ਵਕਾਰੀ ਬਣ ਗਿਆ ਹੈ। ਪਟਿਆਲਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦਾ ਤਿਕੋਣਾ ਮੁਕਾਬਲਾ ਅਕਾਲੀ ਦਲ ਦੇ ਸਾਬਕਾ ਮੰਤਰੀ ਰਖੜਾ ਅਤੇ ਡੈਮੋਕੇਟਿਕ ਗਠਜੋੜ ਦੇ ਮੌਜੂਦਾ ਐਮ.ਪੀ. ਡਾ. ਧਰਮਵੀਰ ਗਾਂਧੀ ਨਾਲ ਹੈ। ਇਹ ਹਲਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵਕਾਰ ਦਾ ਸਵਾਲ ਹੈ।
Preneet Kaur, Dr Dharamvir Gandhi, Surjit Singh Rakhra
ਇਸੇ ਤਰ੍ਹਾਂ ਬਠਿੰਡਾ ਅਤੇ ਫ਼ਿਰੋਜ਼ਪੁਰ ਹਲਕੇ ਅਕਾਲੀ ਦਲ ਖ਼ਾਸ ਕਰ ਕੇ ਬਾਦਲ ਪਰਵਾਰ ਲਈ ਵਕਾਰੀ ਹਨ। ਬਠਿੰਡਾ ਹਲਕੇ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਮੁਕਾਬਲਾ ਕਾਂਗਰਸ ਦੇ ਨੌਜਵਾਨ ਵਿਧਾਇਕ ਅਮਰਿੰਦਰ ਸਿੰਘ ਵੜਿੰਗ ਨਾਲ ਹੈ। ਬੇਸ਼ਕ ਉਥੋਂ ਸੁਖਪਾਲ ਸਿੰਘ ਖਹਿਰਾ ਅਤੇ ਆਪ ਦੀ ਵਿਧਾਇਕ ਬੀਬੀ ਬਲਵਿੰਦਰ ਕੌਰ ਵੀ ਉਮੀਦਵਾਰ ਹਨ। ਬਾਦਲ ਪਰਵਾਰ ਲਈ ਇਹ ਸੀਟ ਇਸ ਲਈ ਬਹੁਤੀ ਅਹਿਮੀਅਤ ਰਖਦੀ ਹੈ ਕਿਉਂਕਿ ਇਸ ਸੀਟ 'ਤੇ ਜਿੱਤ ਹਾਰ ਨਾਲ ਹੀ ਅਕਾਲੀ ਦਲ ਦਾ ਭਵਿੱਖ ਜੁੜਿਆ ਹੈ। ਇਸੇ ਲਈ ਪਿਛਲੇ ਕਈ ਮਹੀਨਿਆਂ ਤੋਂ ਇਸ ਹਲਕੇ 'ਤੇ ਪਕੜ ਬਨਾਉਣ ਲਈ ਸਾਰੇ ਸਾਧਨ ਝੋਕੇ ਗਏ ਹਨ।
Harsimrat Kaur, Sukhpal Singh, Amrinder Singh
ਫ਼ਿਰੋਜ਼ਪੁਰ ਹਲਕਾ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵਕਾਰ ਦਾ ਸਵਾਲ ਹੈ। ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਾਲ ਹੈ। ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਛੱਡਕੇ ਕਾਂਗਰਸ ਵਿਚ ਆਏ ਹਨ ਅਤੇ ਇਸੀ ਹਲਕੇ ਤੋਂ ਐਮ.ਪੀ. ਹਨ। ਉਪਰੋਕਤ ਦੋਵੇਂ ਹਲਕੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੀ ਅਗਵਾਈ ਦੇ ਮੁੱਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਵੀ ਸਾਰੀ ਸ਼ਕਤੀ ਇਸ ਹਲਕੇ 'ਚ ਝੋਕ ਦਿਤੀ ਹੈ। ਕਾਂਗਰਸ ਲਈ ਗੁਰਦਾਸਪੁਰ ਦੀ ਸੀਟ ਵੀ ਕਾਫ਼ੀ ਵਕਾਰੀ ਬਣ ਗਈ ਹੈ।
Sher Singh Ghubaya & Sukhbir Singh Badal
ਡੇਢ ਸਾਲ ਪਹਿਲਾਂ ਹੀ ਭਾਜਪਾ ਦੇ ਐਮ.ਪੀ. ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਇਹ ਸੀਟ ਜ਼ਿਮਨੀ ਚੋਣ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੋਹ ਲਈ ਸੀ। ਪ੍ਰੰਤੂ ਹੁਣ ਇਹ ਸੀਟ ਕਾਂਗਰਸ ਲਈ ਵਕਾਰੀ ਬਣ ਗਈ ਹੈ ਕਿਉਂਕਿ ਇਸ ਹਲਕੇ ਤੋਂ ਕਾਂਗਰਸ ਨੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਇਸ ਹਲਕੇ ਤੋਂ ਫ਼ਿਲਮੀ ਅਦਾਕਾਰ ਸੰਨੀ ਦਿਉਲ ਨੂੰ ਉਮੀਦਵਾਰ ਬਣਾਇਆ ਹੈ। ਸਥਾਨਕ ਭਾਜਪਾ ਆਗੂਆਂ ਵਿਚ ਗੁਟਬੰਦੀ ਕਾਰਨ ਪਾਰਟੀ ਨੂੰ ਬਾਹਰੋਂ ਲਿਆ ਕੇ ਮੁਕਾਬਲੇ ਦਾ ਉਮੀਦਵਾਰ ਉਤਾਰਨਾ ਪਿਆ। ਸੁਨੀਲ ਜਾਖੜ ਦਾ ਸਿਆਸੀ ਭਵਿੱਖ ਵੀ ਜਿੱਤ ਹਾਰ ਨਾਲ ਜੁੜ ਗਿਆ ਹੈ।
Sunil Jakhar & Sunny Deol
ਅੰਮ੍ਰਿਤਸਰ ਹਲਕੇ ਉਪਰ ਕਾਂਗਰਸ ਦਾ ਕਬਜ਼ਾ ਹੈ। ਗੁਰਜੀਤ ਸਿੰਘ ਔਜਲਾ ਜੋ ਮੌਜੂਦਾ ਐਮ.ਪੀ. ਹਨ, ਨੂੰ ਹੀ ਕਾਂਗਰਸ ਨੇ ਟਿਕਟ ਦਿਤੀ ਹੈ। ਉਧਰ ਭਾਜਪਾ ਨੇ ਵੀ ਸਿੱਖ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੁਕਾਬਲੇ 'ਚ ਉਤਾਰਿਆ ਹੈ। ਸ. ਪੁਰੀ ਵੀ ਮੁਕਾਬਲੇ ਦੇ ਉਮੀਦਵਾਰ ਹਨ ਪਰ ਕਾਂਗਰਸ ਨੂੰ ਇਸ ਸੀਟ 'ਤੇ ਕਬਜ਼ਾ ਬਰਕਰਾਰ ਰਖਣਾ ਜ਼ਰੂਰੀ ਬਣ ਗਿਆ ਹੈ। ਹਾਰ ਦੀ ਸਥਿਤੀ 'ਚ ਕਾਂਗਰਸ ਲੀਡਰਸ਼ਿਪ ਅਪਣਿਆਂ ਦੇ ਹੀ ਨਿਸ਼ਾਨੇ 'ਤੇ ਆ ਜਾਵੇਗੀ।
Gurjeet Singh Aujla & Hardeep Singh Puri
ਸੰਗਰੂਰ ਹਲਕਾ ਕਾਂਗਰਸ ਜਾਂ ਅਕਾਲੀਆਂ ਲਈ ਕੋਈ ਬਹੁਤਾ ਸਿਆਸੀ ਅਰਥ ਨਹੀਂ ਰਖਦਾ ਪੰਤੂ 'ਆਪ' ਦੇ ਮੌਜੂਦਾ ਐਮ.ਪੀ. ਭਗਵੰਤ ਸਿੰਘ ਮਾਨ ਲਈ ਜ਼ਰੂਰੀ ਵੱਕਾਰੀ ਸੀਟ ਹੈ। ਇਕ ਤਾਂ ਉਹ ਪਾਰਟੀ ਦੇ ਪ੍ਰਧਾਨ ਹਨ, ਦੂਜਾ ਇਸ ਹਲਕੇ ਤੋਂ ਮੌਜੂਦਾ ਐਮ.ਪੀ. ਹਨ। ਉਨ੍ਹਾਂ ਦੀ ਹਾਰ-ਜਿੱਤ ਨਾਲ ਹੀ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦਾ ਸਿਆਸੀ ਭਵਿੱਖ ਜੁੜਿਆ ਹੋਇਆ ਹੈ।
Parminder Singh, Kewal Singh, Bhagwant Mann, Jassi Jasraj