
ਇਸ ਮੌਕੇ ਪੀਕਾਂਟ ਗਰੁੱਪ ਦੇ ਹੋਰਨਾਂ ਮੈਂਬਰਾਂ ਵਿੱਚੋਂ ਹੈਪੀ ਬਰਾੜ, ਨਵਦੀਪ ਧਾਲੀਵਾਲ ਤੇ ਮੁਖਤਿਆਰ ਧਾਲੀਵਾਲ ਵੀ ਹਾਜ਼ਰ ਸਨ।
ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਨਾਰਥ ਟੈਕਸਾਸ (ਪੀਕਾਂਟ) ਵੱਲੋਂ ਡੈਲਸ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੇਖਕ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ 'ਨੌਲੱਖਾ ਬਾਗ਼' ਦੀ ਘੁੰਢ ਚੁਕਾਈ ਕੀਤੀ ਗਈ। ਪੀਕਾਂਟ ਦੇ ਚੇਅਰਮੈਨ ਕੁਲਦੀਪ ਸਿੰਘ ਢਿੱਲੋਂ ’ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੌਹਲ ਵੱਲੋਂ ਡੈਲਸ ਰਹਿੰਦੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਗਿੱਲ ਅਤੇ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਭੰਗੂ ਦੀ ਹਾਜ਼ਰੀ ਵਿਚ ਇਸ ਪੁਸਤਕ ਨੂੰ ਰਿਲੀਜ਼ ਕੀਤਾ ਗਿਆ।
Photo
ਇਸ ਮੌਕੇ ਬੋਲਦਿਆਂ ਪੀਕਾਂਟ ਦੇ ਚੇਅਰਮੈਨ ਸ. ਢਿੱਲੋਂ ਨੇ ਕਿਹਾ ਕਿ ਇਹ ਸਾਡੇ ਪੀਕਾਂਟ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਗਰੁੱਪ ਨਾਲ ਜੁੜੇ ਪਰਿਵਾਰ ਦੇ ਮੈਂਬਰ ਵੱਲੋਂ ਛੋਟੀ ਉਮਰੇ ਚੌਥੀ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾਈ ਹੈ। ਉਹਨਾਂ ਕਿਹਾ ਕਿ ਪੀਕਾਂਟ ਵੱਲੋਂ ਲੰਬੇ ਸਮੇਂ ਤੋਂ ਟੈਕਸਾਸ ਰਹਿੰਦੇ ਪੰਜਾਬੀ ਪਰਿਵਾਰਾਂ ਨੂੰ ਸਾਹਿਤ ’ਤੇ ਸੱਭਿਆਚਾਰ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਹਨ ਅਤੇ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ ਸਾਡੇ ਸਾਰਿਆਂ ਲਈ ਸ਼ਾਨਦਾਰ ਤੋਹਫਾ ਹੈ।
ਉਹਨਾਂ ਕਿਹਾ ਕਿ ਇਸ ਪੁਸਤਕ ਵਿਚ ਪੰਜਾਬੀ ਸਾਹਿਤ, ਸੱਭਿਆਚਾਰ ਤੇ ਪੱਤਰਕਾਰੀ ਨਾਲ ਜੁੜੀਆਂ ਨਾਮਵਾਰ ਹਸਤੀਆਂ ਦੇ ਜੀਵਨੀ ਮੂਲਕ ਰੇਖਾ ਚਿੱਤਰ ਸ਼ਾਮਲ ਕੀਤੇ ਗਏ ਹਨ ਜਿਹਨਾਂ ਨੂੰ ਪੜ੍ਹ ਕੇ ਨਵੀਂ ਪੀੜ੍ਹੀ ਨੂੰ ਸਹੀ ਸੇਧ ਮਿਲੇਗੀ। ਇਸ ਪੁਸਤਕ ਵਿਚ ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਪ੍ਰੋ. ਰਵਿੰਦਰ ਭੱਠਲ, ਜਗਦੇਵ ਸਿੰਘ ਜੱਸੋਵਾਲ, ਪ੍ਰਿੰ. ਸਰਵਣ ਸਿੰਘ, ਸਿੱਧੂ ਦਮਦਮੀ, ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ ਤੇ ਨਿਰਮਲ ਜੌੜਾ ਇਸ ਪੁਸਤਕ ਦਾ ਸ਼ੰਗਾਰ ਹਨ।
ਮਨਜੀਤ ਸਿੰਘ ਜੌਹਲ ਨੇ ਕਿਹਾ ਕਿ ਨਵਦੀਪ ਸਿੰਘ ਗਿੱਲ ਨੇ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਖੇਡਾਂ ਬਾਰੇ ਲਿਖੀਆਂ ਹਨ ਅਤੇ ਇਹ ਉਸ ਦੀ ਚੌਥੀ ਪੁਸਤਕ ਹੈ ਜਦੋਂ ਕਿ ਨਿਰੋਲ ਸਾਹਿਤਕ ਖੇਤਰ ਦੀ ਪਹਿਲੀ ਪੁਸਤਕ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ। ਉਹਨਾਂ ਲੇਖਕ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਘਰ ਦੇ ਸਾਹਿਤਕ ਮਾਹੌਲ ਨੇ ਨਵਦੀਪ ਸਿੰਘ ਗਿੱਲ ਨੂੰ ਅੱਗੇ ਵਧਣ-ਫੁੱਲਣ ਦਾ ਮੌਕਾ ਦਿੱਤਾ।
ਅੰਤ ਵਿਚ ਲੇਖਕ ਦੇ ਪਿਤਾ ਸੁਰਜੀਤ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੁਸਤਕ ਦੀ ਇਕ-ਇਕ ਕਾਪੀ ਡੈਲਸ ਅਤੇ ਨੇੜਲੇ ਸ਼ਹਿਰਾਂ ਦੀਆਂ ਲਾਇਬ੍ਰੇਰੀਆਂ ਵਿਚ ਪੁੱਜਦੀਆਂ ਕਰਨਗੇ। ਇਸ ਮੌਕੇ ਪੀਕਾਂਟ ਗਰੁੱਪ ਦੇ ਹੋਰਨਾਂ ਮੈਂਬਰਾਂ ਵਿੱਚੋਂ ਹੈਪੀ ਬਰਾੜ, ਨਵਦੀਪ ਧਾਲੀਵਾਲ ਤੇ ਮੁਖਤਿਆਰ ਧਾਲੀਵਾਲ ਵੀ ਹਾਜ਼ਰ ਸਨ।