
ਸਰਕਾਰ ਦੇ ਕਈ ਅਧਿਕਾਰੀ ਜਾਂਚ ਲਈ ਅੰਮ੍ਰਿਤਸਰ ਪਹੁੰਚੇ
ਅੰਮ੍ਰਿਤਸਰ, 27 ਅਪ੍ਰੈਲ (ਅਰਵਿੰਦਰ ਵੜੈਚ): ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 41 ਲੱਖ 44 ਹਜ਼ਾਰ ਦੀ ਲਾਗਤ ਨਾਲ ਖਰੀਦੀਆਂ ਗਈਆਂ ਘਟੀਆਂ ਮਿਆਰ ਦੀਆਂ 2 ਹਜ਼ਾਰ ਪੀ.ਪੀ.ਈ. ਕਿੱਟਾਂ ਦੀ ਘਪਲੇਬਾਜ਼ੀ ਦੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਕਾਲਜ ਵਿਖੇ ਕਈ ਅਧਿਕਾਰੀ ਪਹੁੰਚੇ। ਸਵੇਰੇ ਕਰੀਬ 10 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲ ਰਹੀ ਤਫ਼ਤੀਸ਼ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸਰਜਰੀ ਵਿਭਾਗ ਦੇ ਮੁੱਖੀ ਡਾ. ਅਸ਼ਵਨੀ ਕੁਮਾਰ, ਬਾਬਾ ਫਰੀਦ ਯੂਨੀਵਰਸਿਟੀ ਹਸਪਤਾਲ ਮੈਨੇਜਮੈਂਟ ਦੇ ਅਧਿਕਾਰੀ ਡਾ. ਬਾਂਸਲ ਸਮੇਤ 2 ਐਕਸਪਰਟ ਡਾਕਟਰਾਂ ਦੀ ਟੀਮ ਮੈਡੀਕਲ ਕਾਲਜ ਅੰਮ੍ਰਿਤਸਰ ਪਹੁੰਚੀ।
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੰਟ ਡਾ. ਰਮਨ ਕੁਮਾਰ, ਕਾਲਜ ਦੀ ਪਿੰ੍ਰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਡਾ. ਕੁਲਾਰ ਤੋਂ ਇਲਾਵਾ ਕਾਲਜ ਨੂੰ ਪੀ.ਪੀ.ਈ ਕਿੱਟਾਂ ਵੇਚਣ ਵਾਲੀ ਕੰਪਨੀ ਦੇ ਮਾਲਕ ਵੀ ਜਾਂਚ ਦੌਰਾਨ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਦੀ ਭਿਆਨਕ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ ਉਥੇ ਪੰਜਾਬ ਦੇ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਡਾਕਟਰਾਂ, ਸਟਾਫ ਮੈਂਬਰਾਂ ਸਮੇਤ ਸ਼ਹਿਰਵਾਸੀਆਂ ਨੂੰ ਖਤਰੇ ਵਿੱਚ ਪਾਉਂਦਿਆਂ ਘਟੀਆਂ ਮਿਆਰ ਦੀਆਂ ਕਿੱਟਾਂ ਦੀ ਖਰੀਦਦਾਰੀ ਕੀਤੀ ਗਈ।
ਮਾਰਕੀਟ ਦੇ ਵਿੱਚੋਂ ਕਰੀਬ 600 ਰੁਪਏ ਤੋਂ ਲੈ ਕੇ ਕਰੀਬ 1200 ਰੁਪਏ ਤੱਕ ਮਿਲਣ ਵਾਲੀਆਂ ਪੀ.ਪੀ.ਈ. ਕਿੱਟਾਂ ਕਾਲਜ ਪ੍ਰਬੰਧਨ ਵੱਲੋਂ ਮਿਲੀਭਗਤ ਦੇ ਚੱਲਦਿਆ 2050 ਰੁਪਏ ਦੇ ਹਿਸਾਬ ਨਾਲ ਖਰੀਦ ਕੀਤੀਆਂ ਗਈਆਂ। ਮਹਿੰਗੀਆਂ ਕਿੱਟਾਂ ਦੀ ਖਰੀਦ ਦੇ ਬਾਵਜੂਦ ਉਸਦਾ ਮਿਆਰ ਬਹੁਤ ਘਟੀਆ ਹੈ। ਜਿਸਦਾ ਡਿਊਟੀ 'ਤੇ ਤਾਇਨਾਤ ਡਾਕਟਰਾਂ ਅਤੇ ਕਰਮਚਾਰੀਆਂ ਵੱਲੋਂ ਵੀ ਇਤਰਾਜ ਕੀਤਾ ਗਿਆ।
ਕੋਰੋਨਾ ਵਾਇਰਸ ਦੀ ਬੀਮਾਰੀ ਦੇ ਇਲਾਜ ਦੌਰਾਨ ਅਗਰ ਘਟੀਆਂ ਮਿਆਰ ਦੀ ਕਿੱਟਾਂ ਦੀ ਖਰੀਦਦਾਰੀ ਦਾ ਸੱਚ ਸਾਹਮਣੇ ਆਉਂਦਾ ਹੈ ਤਾਂ ਘਪਲੇ ਵਿੱਚ ਸ਼ਾਮਿਲ ਲੋਕਾਂ ਨੂੰ ਜ਼ਰੂਰ ਸਜਾ ਦਾ ਪਾਤਰ ਬਣਾਉਣਾ ਜ਼ਰੂਰੀ ਹੈ। ਇਸਤੋਂ ਪਹਿਲਾਂ ਵੀ ਮੈਡੀਕਲ ਕਾਲਜ ਵਿੱਚ ਡਾਇਲਸਿਜ਼ ਕਿੱਟਾਂ, ਕੰਪਿਊਟਰਰਾਈਜ਼ਡ ਟਰਾਲੀ ਆਦਿ ਸਮੇਤ ਕਈ ਹੋਰ ਘਪਲੇ ਜਗ-ਜਾਹਿਰ ਹੁੰਦੇ ਰਹੇ ਹਨ।