
ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਿਹਤ ਵਿਭਾਗ ਅਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਅ ਰਿਹਾ ਹੈ।
ਪਟਿਆਲਾ, 27 ਅਪਰੈਲ (ਤੇਜਿੰਦਰ ਫ਼ਤਿਹਪੁਰ) : ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਿਹਤ ਵਿਭਾਗ ਅਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਅ ਰਿਹਾ ਹੈ। ਜਿਸਦੇ ਚਲਦਿਆਂ ਅੱਜ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ: ਜਗਪਾਲਇੰਦਰ ਸਿੰਘ ਨੂੰ 50 ਪੀਪੀਈ ਕਿੱਟਾਂ, 7 ਪੇਟੀਆਂ ਸੈਨੇਟਾਈਜ਼ਰ ਦੀਆਂ ਸੌਂਪੀਆਂ ਗਈਆਂ। ਉਨ੍ਹਾਂ ਕਿਹਾ ਕਿ ਪੂਰੇ ਰਾਜਪੁਰਾ ਸ਼ਹਿਰ 'ਚ ਏ.ਐਨ.ਐਮਜ਼ ਤੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਤੇਜ਼ ਬੁਖਾਰ, ਗਲ੍ਹਾ ਖਰਾਬ ਤੇ ਸਾਂਹ ਲੈਣ 'ਚ ਤਕਲੀਫ ਵਰਗੇ ਮਰੀਜ਼ ਲੱਭਣ ਦੇ ਲਈ ਸਕਰੀਨਿੰਗ ਕੀਤੀ ਜਾ ਰਹੀ ਹੈ।
File photo
ਉਨ੍ਹਾਂ ਵੱਲੋਂ ਪਹਿਲਾਂ ਵੀ ਏ.ਐਨ.ਐਮਜ਼ ਤੇ ਆਸ਼ਾ ਵਰਕਰਾਂ ਨੂੰ ਸਕਰੀਨਿੰਗ ਕਰਨ ਦੇ ਲਈ ਲੋੜੀਦੇ ਸਾਜੋ-ਸਮਾਨ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਵਿਧਾਇਕ ਕੰਬੋਜ਼ ਵੱਲੋਂ ਟਾਹਲੀ ਵਾਲਾ ਚੌਂਕ ਵਿੱਚਕਾਰ ਥਾਣਾ ਸਿਟੀ ਐਸ.ਐਚ.ਓ ਥਾਣੇਦਾਰ ਬਲਵਿੰਦਰ ਸਿੰਘ, ਟ੍ਰੈਫਿਕ ਇੰਚਾਰਜ ਜਜਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਦੁਆਰਾ ਦਿਨ-ਰਾਤ ਦਿੱਤੀ ਜਾ ਰਹੀ ਡਿਊਟੀ ਬਦਲੇ ਉਨ੍ਹਾਂ ਦੇ ਜਜਬੇ ਦੀ ਸਲਾਘਾ ਕੀਤੀ ਅਤੇ ਨਾਲ ਹੀ ਐਸ.ਡੀ.ਐਮ ਰਾਜਪੁਰਾ ਟੀ.ਬੀਨਿਥ ਜਿਹੜੇ ਦਿਨ ਰਾਤ ਰਾਜਪੁਰਾ ਸ਼ਹਿਰ ਦੀ ਨਿਗਰਾਨੀ ਕਰ ਰਹੇ ਹਨ ਤੇ ਸਮੂਹ ਸਿਹਤ ਸਟਾਫ, ਬਿਜ਼ਲੀ ਨਿਗਮ ਸਟਾਫ, ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਸਮੇਤ ਡਿਊਟੀ ਦੇ ਰਹੇ ਸਾਰੇ ਮੁਲਾਜਮਾਂ ਦੇ ਕੰਮਾਂ ਨੂੰ ਵੀ ਸੈਲਿਊਟ ਕੀਤਾ ਗਿਆ।