
ਹਮਲੇ ਦੌਰਾਨ ਬਾਂਹ ਤੋਂ ਅਲੱਗ ਹੋਏ ਹੱਥ ਦੀ ਦੋ ਹਫ਼ਤੇ ਪਹਿਲਾਂ ਕੀਤੀ ਸੀ ਸਰਜਰੀ
ਪਟਿਆਲਾ, 27 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਵੱਡੀ ਸਬਜ਼ੀ ਮੰਡੀ ਸਨੌਰ ਰੋਡ ਪਟਿਆਲਾ ਵਿਖੇ ਕਰੀਬ 2 ਹਫਤੇ ਪਹਿਲਾਂ ਨਿਹੰਗਾ ਨੇ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਦਾ ਹੱਥ ਬਾਂਹ ਤੋਂ ਅਲੱਗ ਕਰ ਦਿਤਾ ਸੀ। ਇਸ ਤੋਂ ਬਾਅਦ ਉਸ ਦੀ ਪੀਜੀਆਈ ਚੰਡੀਗੜ੍ਹ ਵਿਖੇ ਪਲਾਸਟਿਕ ਸਰਜਰੀ ਕਰ ਕੇ ਬਾਂਹ ਨਾਲ ਹੱਥ ਜੋੜ ਦਿਤਾ ਸੀ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਵੀਡੀਉ ਟਵਿਟਰ ਰਾਹੀਂ ਸਾਂਝੀ ਕੀਤੀ ਹੈ।
ਇਸ ਵੀਡੀਉ ਵਿਚ ਦਸਿਆ ਗਿਆ ਹੈ ਕਿ ਹੁਣ ਹਰਜੀਤ ਸਿੰਘ ਠੀਕ ਹੋ ਰਿਹਾ ਹੈ ਤੇ ਉਸ ਦੇ ਹੱਥ 'ਚ ਵੀ ਕੁੱਝ ਹਿਲਜੁਲ ਹੋਈ ਹੈ। ਇਸ ਦੀ ਜਾਣਕਾਰੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ 'ਤੇ ਵੀਡੀਉ ਸ਼ੇਅਰ ਕਰ ਕੇ ਦਿਤੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਪੀਜੀਆਈ ਵਿਚ ਐਸਆਈ ਹਰਜੀਤ ਸਿੰਘ ਦੇ ਹੱਥ ਦੇ ਅਪ੍ਰੇਸ਼ਨ ਨੂੰ ਦੋ ਹਫ਼ਤੇ ਹੋ ਗਏ ਹਨ। ਮੈਨੂੰ ਇਹ ਦਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਿਹਾ ਹੈ ਤੇ ਉਨ੍ਹਾਂ ਦੇ ਹੱਥਾਂ 'ਚ ਮੂਵਮੈਂਟ ਮੁੜ ਸ਼ੁਰੂ ਹੋ ਗਈ ਹੈ। ਬਹਾਦਰ ਹਰਜੀਤ ਸਿੰਘ ਦਾ ਇਹ ਵੀਡੀਉ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਹੈ।
ਜ਼ਿਕਰਯੋਗ ਹੈਕਿ ਸਬਜ਼ੀ ਮੰਡੀ ਪਟਿਆਲਾ ਵਿਖੇ ਨਿਹੰਗਾਂ ਨਾਲ ਹੋਈ ਖ਼ੂਨੀ ਝੜਪ ਤੋਂ ਥੋੜੀ ਦੇਰ ਬਾਅਦ ਪੀਜੀਆਈ ਦੇ ਡਾਕਟਰਾਂ ਦੀ ਇਕ ਟੀਮ ਨੇ ਲਗਭਗ ਅੱਠ ਘੰਟੇ ਦੀ ਸਰਜਰੀ ਤੋਂ ਬਾਅਦ ਹੱਥ ਨੂੰ ਸਫ਼ਲਤਾਪੂਰਵਕ ਦੁਬਾਰਾ ਲਾਉਣ 'ਚ ਕਾਮਯਾਬੀ ਹਾਸਲ ਕੀਤੀ ਸੀ। ਵੀਡੀਉ 'ਚ ਸਬ-ਇੰਸਪੈਕਟਰ ਨੇ ਆਤਮ ਵਿਸ਼ਵਾਸ ਨਾਲ ਅਪਣੀ ਸਿਹਤ ਬਾਰੇ ਸਵਾਲਾਂ ਦੇ ਜਵਾਬ ਦਿਤੇ। ਦੱਸ ਦਈਏ ਕਿ 50 ਸਾਲਾ ਅਪਣੇ ਜ਼ਖਮੀ ਹਰਜੀਤ ਸਿੰਘ ਆਪਣੇ ਹੱਥ ਦੀਆਂ ਉਂਗਲਾਂ ਨੂੰ ਥੋੜ੍ਹਾ ਹਿਲਾਉਣ 'ਚ ਕਾਮਯਾਬ ਰਿਹਾ। ਇਹ ਵੀ ਦਸਣਾ ਬਣਦਾ ਹੈ ਕਿ ਹਮਲਾਵਰ ਨਿਹੰਗਾ ਨੂੰ ਕਰੀਬ 5 ਘੰਟਿਆਂ ਦੇ ਅਪਰੇਸਨ ਤੋਂ ਬਾਅਦ ਸਪੈਸਲ ਅਪਰੇਸਨ ਗਰੁੱਪ ਦੀ ਮਦਦ ਨਾਲ ਪਟਿਆਲਾ ਪੁਲਿਸ ਨੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਸੀ, ਜੋ ਹੁਣ ਪੁਲਿਸ ਗ੍ਰਿਫਤ ਵਿਚ ਹਨ।