
18 ਪਾਜ਼ੇਟਿਵ ਮਰੀਜ਼ਾਂ ਵਿੱਚੋਂ 10 ਠੀਕ ਹੋ ਕੇ ਆਪਣੇ ਆਪਣੇ ਘਰਾਂ ਨੂੰ ਗਏ
ਪੰਚਕੂਲਾ 27, ਅਪ੍ਰੈਲ (ਪੀ. ਪੀ. ਵਰਮਾ) : ਪੰਚਕੂਲਾ ਵਿੱਚ ਕੋਰੋਨਾ ਤੋਂ ਵੱਡੀ ਰਾਹਤ ਦਿਖਾਈ ਦੇ ਰਹੀ ਹੈ। ਹੁਣ ਤੱਕ ਪੰਚਕੂਲਾ ਵਿੱਚ 18 ਕੋਰੋਨਾ ਪੀੜਤ ਮਰੀਜ਼ ਸਨ ਪਰੰਤੂ 10 ਮਰੀਜ਼ਾਂ ਦੇ ਠੀਕ ਹੋ ਜਾਣ ਤੋਂ ਬਾਅਦ ਇਹਨਾਂ ਮਰੀਜ਼ਾਂ ਨੂੰ 15 ਦਿਨਾਂ ਲਈ ਹੋਮ-ਆਈਸੋਲੇਸ਼ਨ ਕੀਤਾ ਜਾਵੇਗਾ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਹਨਾਂ ਤੇ ਪੂਰੀ ਨਜ਼ਰ ਰੱਖੇਗਾ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਅਤੇ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਅਨੁਸਾਰ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ 7 ਲੋਕ ਉਹ ਹਨ ਜਿਹੜੇ ਸੈਕਟਰ-15 ਦੇ ਇੱਕੋ ਪਰਿਵਾਰ ਦੇ ਸੰਪਰਕ ਵਿੱਚ ਆ ਕੇ ਕੋਰੋਨਾ ਪੀੜਤ ਹੋਏ ਸਨ।
ਇਸ ਪਰਿਵਾਰ ਵਿੱਚੋਂ 9 ਕੋਰੋਨਾ ਪੀੜਤ ਮਰੀਜ਼ ਆਏ ਸਨ। ਜਿਸ ਵਿੱਚ ਸੈਕਟਰ-15 ਦੇ ਨਿਵਾਸੀ ਸੋਨੀਆ ਮਹਾਜਨ ਅਤੇ ਉਸਦਾ ਪਤੀ ਕੋਰੋਨਾ ਪੀੜਤ ਸੀ ਜਿਹੜੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਸੈਕਟਰ-15 ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਹਰੇਕ ਘਰ ਵਿੱਚ ਜਾ ਕੇ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੈਕਟਰ-15 ਨੂੰ ਕੰਟੋਨਮੈਂਟ ਏਰੀਆ ਅਤੇ ਵੱਫਰ ਜੋਨ ਬਣਾਇਆ ਗਿਆ ਹੈ।
ਜਿਹੜਾ 27 ਦਿਨਾਂ ਤੱਕ ਜਾਰੀ ਰਹੇਗਾ। ਪੰਚਕੂਲਾ ਦੇ ਹਸਪਤਾਲ ਤੋਂ ਜਿਹੜੇ 10 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਉਹਨਾਂ ਦੇ ਪਰਿਵਾਰਾਂ ਨੇ ਬੇਹੱਦ ਖ਼ੁਸ਼ੀ ਜਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਇਹ ਮੈਂਬਰ ਹੋਮ-ਆਈਸੋਲੇਸ਼ਨ ਵਿੱਚ ਪੂਰੇ ਨਿਯਮਾਂ ਨਾਲ ਰਹਿਣਗੇ।
ਪੰਚਕੂਲਾ ਵਿੱਚ ਲਾਕਡਾਊਨ ਦੌਰਾਨ ਪੁਲਿਸ ਵੱਲੋਂ ਦਿਨੋ ਦਿਨ ਵਧੇਰੇ ਸਖਤੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਦੇ ਮੁੱਖੀ ਮੋਹਿਤ ਹਾਂਡਾ ਦੇ ਦੱਸਿਆ ਜ਼ਿਲ੍ਹੇ ਵਿੱਚ 35 ਥਾਵਾਂ ਤੇ ਅੰਤਰਰਾਜੀ ਨਾਕੇ ਲਾਏ ਗਏ ਅਤੇ 22 ਨਾਕੇ ਸ਼ਹਿਰ ਦੇ ਅੰਦਰ ਲਾਏ ਗਏ। ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਇਹ ਵੀ ਵੇਖਣ ਨੂੰ ਮਿਲ ਰਹੀ ਹੈ ਹਰੇਕ ਵਾਹਨ ਦੀ ਤਲਾਸੀ ਲਈ ਜਾ ਰਹੀ ਹੈ ਅਤੇ ਉਸਦੇ ਵਾਹਨ ਦਾ ਨੰਬਰ ਰਜਿਸਟਰ ਤੇ ਲਿਖਿਆ ਜਾ ਰਿਹਾ ਹੈ ਅਤੇ ਉਸਦੇ ਆਉਣ ਜਾਣ ਦਾ ਕਾਰਨ ਵੀ ਰਜਿਸਟਰ ਤੇ ਲਿਖਿਆ ਜਾ ਰਿਹਾ ਹੈ। ਪੁਲਿਸ ਨਾਕਿਆਂ ਦਾ ਕੋਰੋਨਾ ਵਾਇਰਸ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ ਹੈ।