
ਤਰਨਤਾਰਨ ਜ਼ਿਲ੍ਹੇ 'ਚ ਸ੍ਰੀ ਹਜ਼ੂਰ ਸਾਹਿਬ ਯਾਤਰਾ ਤੋਂ ਪਰਤੇ 5 ਸ਼ਰਧਾਲੂਆਂ ਦੇ ਟੈਸਟ ਪਾਜ਼ੇਟਿਵ ਆ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।
ਚੰਡੀਗੜ੍ਹ, 27 ਅਪ੍ਰੈਲ (ਗੁਰਉਪਦੇਸ਼ ਭੁੱਲਰ): ਤਰਨਤਾਰਨ ਜ਼ਿਲ੍ਹੇ 'ਚ ਸ੍ਰੀ ਹਜ਼ੂਰ ਸਾਹਿਬ ਯਾਤਰਾ ਤੋਂ ਪਰਤੇ 5 ਸ਼ਰਧਾਲੂਆਂ ਦੇ ਟੈਸਟ ਪਾਜ਼ੇਟਿਵ ਆ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹਜ਼ਾਰਾਂ ਯਾਤਰੂ ਹਾਲੇ ਵੱਖ-ਵੱਖ ਰਾਜਾਂ 'ਚ ਰਸਤਿਆਂ 'ਚ ਹੀ ਹਨ, ਜਿਨ੍ਹਾਂ ਦੀ ਹਰ ਪੱਖੋਂ ਫ਼ੌਰੀ ਡਾਕਟਰੀ ਜਾਂਚ ਵੱਡੀ ਸਿਰਦਰਦੀ ਬਣ ਗਈ ਹੈ। ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹੰਗਾਮੀ ਹਾਲਤ 'ਚ ਕਦਮ ਚੁਕਦਿਆਂ ਹੁਣ ਵਾਪਸ ਆ ਰਹੇ ਯਾਤਰੂਆਂ ਨੂੰ ਘਰ ਭੇਜਣ ਦੀ ਥਾਂ ਸਿਹਤ ਵਿਭਾਗ ਅਧੀਨ 14 ਦਿਨ ਲਈ ਏਕਾਂਤਵਾਸ 'ਚ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਥੇ ਹੀ ਇਨ੍ਹਾਂ ਦੇ ਸੈਂਪਲ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਜ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨੂੰ ਹੁਕਮ ਜਾਰੀ ਕੀਤੇ ਹਨ ਕਿ ਬਾਹਰੋਂ ਆਉਣ ਵਾਲੇ ਯਾਤਰੂਆਂ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਲਈ ਸਾਰੇ ਅੰਤਰਰਾਜੀ ਨਾਕਿਆਂ ਅਤੇ ਜ਼ਿਲ੍ਹਿਆਂ ਤੋਂ ਇਲਾਵਾ ਲਿੰਕ ਰੋਡ ਵਾਲੇ ਨਾਕਿਆਂ 'ਤੇ ਰਸਤੇ ਸੀਲ ਕੀਤੇ ਜਾਣ। ਬਾਹਰਲੇ ਰਾਜ ਤੋਂ ਆਵੁਣ ਵਾਲੇ ਹਰ ਯਾਤਰੀ ਨੂੰ ਏਕਾਂਤਵਾਸ 'ਚ ਰੰਖਿਆ ਜਾਵੇਗਾ।