
ਕਣਕ ਭਿੱਜਣ ਕਾਰਨ ਵਧੇਗੀ ਨਮੀ, ਫਸਲ ਵੇਚਣੀ ਹੋਵੇਗੀ ਔਖੀ
ਦੇਵੀਗੜ੍ਹ, 27 ਅਪ੍ਰੈਲ (ਅਮਨਦੀਪ ਸਿੰਘ): ਅਨਾਜ ਮੰਡੀ ਦੁਧਨਸਾਧਾਂ, ਖੇੜੀ ਰਨਵਾਂ ਅਤੇ ਮਸੀਂਗਣ ਮੰਡੀਆਂ ਵਿਚ ਅੱਜ ਦੁਪਹਿਰੇ ਪਈ ਬੇਮੌਸਮੀ ਭਾਰੀ ਬਾਰਸ਼ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਦਿੱਤਾ ਹੈ ਉਥੇ ਹੀ ਅਨਾਜ ਮੰਡੀਆਂ ਵਿਚ ਖ੍ਰੀਦ ਏਜੰਸੀਆਂ ਵਲੋਂ ਖ੍ਰੀਦੀ ਗਈ ਕਣਕ ਦੀ ਲਿਫਟਿੰਗ ਸਮੇਂ ਸਿਰ ਨਾ ਹੋਣ ਕਰਕੇ ਸੈਂਕੜੇ ਕੁਇੰਟਲ ਕਣਕ ਖੁੱਲ੍ਹੇ ਅਸਮਾਨ ਹੇਠਾਂ ਮੀਂਹ 'ਚ ਭਿੱਜਦੀ ਰਹੀ।
ਅੱਜ ਜਦੋਂ ਦੁਪਹਿਰੇ ਮੀਂਹ ਪਿਆ ਤਾਂ ਉਸ ਸਮੇਂ ਅਨਾਜ ਮੰਡੀਆਂ ਵਿਚ ਪਿਛਲੇ ਦਿਨਾਂ ਤੋਂ ਵੱਖ ਵੱਖ ਖ੍ਰੀਦ ਏਜੰਸੀਆਂ ਵਲੋਂ ਖ੍ਰੀਦੀ ਕਣਕ ਦੀ ਲਿਫਟਿੰਗ ਨਾ ਕੀਤੇ ਜਾਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ ਖੁੱਲ੍ਹੇ ਅਸਮਾਨ ਹੇਠ ਭਿੱਜਦੇ ਰਹੇ। ਮੀਂਹ ਏਨਾ ਭਾਰੀ ਸੀ ਕਿ ਪੱਕੇ ਫੜਾਂ ਤੇ ਵੀ ਪਾਣੀ ਖੜਨ ਕਾਰਨ ਕਣਕ ਅਤੇ ਬੋਰੀਆਂ ਦੇ ਲੱਗੇ ਅੰਬਾਰ ਭਿੱਜਦੇ ਰਹੇ। ਇਸ ਮੌਕੇ ਆੜ੍ਹਤੀਆਂ ਦੀ ਲੇਬਰ ਵੱਲੋਂ ਨੀਵੀਆਂ ਥਾਵਾਂ ਤੇ ਲੱਗੇ ਕਣਕ ਦੇ ਥੈਲਿਆਂ ਨੂੰ ਉੱਚੀ ਜਗਾਂ ਤੇ ਕੀਤਾ ਗਿਆ ਪਰ ਫਿਰ ਵੀ ਬਹੁਤ ਸਾਰੀ ਕਣਕ ਮੀਂਹ ਦੇ ਪਾਣੀ ਵਿੱਚ ਭਿੱਜ ਗਈ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਆੜ੍ਹਤੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਸਨ ਪਰ ਕੁਦਰਤ ਦੇ ਅੱਗੇ ਕਿਸ ਦਾ ਜ਼ੋਰ ਚਲਦਾ ਹੈ। ਇਸ ਸਮੇਂ ਇੱਕ ਤਾਂ ਕੋਰੋਨਾਂ ਮਹਾਮਾਰੀ ਨੇ ਸਭ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਅਤੇ ਦੂਜਾ ਕੁਦਰਤ ਵੀ ਕਿਸਾਨਾਂ ਅਤੇ ਆੜ੍ਹਤੀਆਂ ਦਾ ਸਾਥ ਨਹੀਂ ਦੇ ਰਹੀ।
ਕੁਝ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਰਪਾਲਾਂ ਦੇ ਕਾਫੀ ਪ੍ਰਬੰਧ ਕੀਤੇ ਗਏ ਸਨ ਪਰ ਕਣਕ ਮੰਡੀਆਂ ਵਿਚ ਜਿਆਦਾ ਆਉਣ ਅਤੇ ਇੱਕ ਦਮ ਬਾਰਸ਼ ਆਉਣ ਕਾਰਨ ਉਹ ਮੁਕੰਮਲ ਕਣਕ ਅਤੇ ਬੋਰੀਆਂ ਢੱਕ ਨਹੀਂ ਸਕੇ ਜਿਸ ਕਰਕੇ ਕੁਝ ਕਣਕ ਜਰੂਰ ਭਿੱਜੀ ਹੈ।