
ਰੰਧਾਵਾ ਹੀ ਕਿਉਂ, ਬਾਜਵਾ, ਕਿੱਕੀ ਢਿੱਲੋਂ, ਜ਼ੀਰਾ ਤੇ ਗਿੱਲ ਵੀ ਅਸਤੀਫ਼ਾ ਦੇਣ : ਧਿਆਨ ਸਿੰਘ ਮੰਡ
ਬਠਿੰਡਾ, 27 ਅਪ੍ਰੈਲ (ਬਲਵਿੰਦਰ ਸ਼ਰਮਾ): ਸਰਬੱਤ ਖ਼ਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਧੋਖੇਬਾਜ਼ ਕਰਾਰ ਦਿਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਕਿਉਂ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕੁਲਬੀਰ ਸਿੰਘ ਜ਼ੀਰਾ ਅਤੇ ਹਰਮੰਦਰ ਸਿੰਘ ਗਿੱਲ ਨੂੰ ਵੀ ਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਜਥੇਦਾਰ ਮੰਡ ਦਾ ਇਹ ਬਿਆਨ ਬੇਅਦਬੀ ਮਾਮਲਿਆਂ ਸਬੰਧੀ ਚੱਲ ਰਹੇ ਅਦਾਲਤੀ ਕੇਸ ਬਾਰੇ ਬਣੀ ਸਿਟ ਦੀ ਰਿਪੋਰਟ ਖ਼ਾਰਜ ਹੋਣ ਦੀ ਪ੍ਰਤੀਕਿਰਿਆ ਹੈ ਕਿਉਂਕਿ ਇਸ ਮਾਮਲੇ ’ਚ ਜਲਦੀ ਫ਼ੈਸਲਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਥੇਦਾਰ ਮੰਡ ਨੇ ਕਿਹਾ ਕਿ ਸਿਟ ਖ਼ਾਰਜ ਹੋਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਸਤੀਫ਼ਾ ਦੇਣ ਦੀ ਪਹਿਲ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਮੰਤਰੀ ਅਤੇ ਤਿੰਨ ਵਿਧਾਇਕ ਬਰਗਾੜੀ ਮੋਰਚੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਦੂਤ ਬਣ ਕੇ ਪਹੁੰਚੇ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸਿੱਖ ਸੰਗਤਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਬਰਗਾੜੀ ਮੋਰਚੇ ਦੀਆਂ ਸਾਰੀਆਂ ਮੰਗਾਂ ਹਰ ਹਾਲ ਪੂਰੀਆਂ ਕਰਵਾਉਣਗੇ ਪਰ ਕੈਪਟਨ ਸਰਕਾਰ ਦੀ ਲਾਪ੍ਰਵਾਹੀ ਸਦਕਾ ਹਾਈ ਕੋਰਟ ਵਲੋਂ ਸਿਟ ਹੀ ਰੱਦ ਕਰ ਦਿਤੀ ਗਈ। ਉਲਟਾ ਹਾਈ ਕੋਰਟ ਦਾ ਆਦੇਸ਼ ਹੈ ਕਿ ਨਵੀਂ ਸਿਟ ਬਣਾਈ ਜਾਵੇ।