
'ਇਤਿਹਾਸ ਬਚਾਉ ਸਿੱਖੀ ਬਚਾਉ' ਮੋਰਚੇ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਗੇਟ ਕੀਤੇ ਗਏ ਬੰਦ
ਵੱਖ-ਵੱਖ ਪ੍ਰਦਰਸ਼ਨਕਾਰੀਆਂ ਨੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਆਪੋ ਅਪਣੇ ਵਿਚਾਰ ਰੱਖੇ
ਐਸ.ਏ.ਐਸ. ਨਗਰ, 27 ਅਪ੍ਰੈਲ (ਪੱਤਰ ਪ੍ਰੇਰਕ): 'ਇਤਿਹਾਸ ਬਚਾਉ ਸਿੱਖੀ ਬਚਾਉ' ਮੋਰਚੇ ਤਹਿਤ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਰੇ ਮੁੱਖ ਗੇਟ ਬੰਦ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਬਲਦੇਵ ਸਿੰਘ ਸਿਰਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ 80 ਦਿਨਾਂ ਤੋਂ ਲਗਾਤਾਰ 'ਇਤਿਹਾਸ ਬਚਾਉ ਸਿੱਖੀ ਬਚਾਉ' ਮੋਰਚਾ ਪੱਕੇ ਤੌਰ 'ਤੇ ਚਲ ਰਿਹਾ ਹੈ |
ਅੱਜ ਦੇ ਇਸ ਧਰਨੇ ਵਿਚ ਸ਼ਾਮਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਵਲੋਂ ਸਵੇਰੇ ਅੱਠ ਵਜੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਗੇਟ ਬੰਦ ਕਰਦਿਆਂ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿਤਾ ਗਿਆ | ਇਸ ਮੌਕੇ ਧਰਨੇ ਵਿਚ ਪਹੁੰਚੇ ਵੱਖ-ਵੱਖ ਆਗੂਆਂ ਨੇ ਅਪਣੇ ਵਿਚਾਰ ਪੇਸ਼ ਕੀਤੇ | ਜਿਨ੍ਹਾਂ ਵਿਚ ਅਦਾਕਾਰ ਅਮਿਤੋਜ ਮਾਨ, ਬੀਬੀ ਗੁਰਜੀਤ ਕੌਰ, ਕੁਲਵਿੰਦਰ ਸਿੰਘ ਪੰਜੋਲਾ ਸੁਖਦੇਵ ਸਿੰਘ ਆਦਿ ਮੌਜੂਦ ਸਨ | ਇਸ ਮੌਕੇ ਵੱਖ ਵੱਖ ਪ੍ਰਦਰਸ਼ਨਕਾਰੀਆਂ ਵਲੋਂ ਇਸ ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਆਪੋ ਅਪਣੇ ਵਿਚਾਰ ਵੀ ਰੱਖੇ ਗਏ | ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਵਿਚ ਸ਼ਾਮਲ ਹੋਈ
ਸੰਗਤ ਦਾ ਧਨਵਾਦ ਕੀਤਾ ਅਤੇ ਕਿਹਾ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਇਮਤਿਹਾਨ ਸ਼ੁਰੂ ਹੋਣ ਕਾਰਨ ਮਾਪੇ ਅਪਣੇ ਬੱਚਿਆਂ ਸਮੇਤ ਰੋਲ ਨੰਬਰ ਆਦਿ ਲੈਣ ਲਈ ਪੰਜਾਬ ਸਕੂਲ ਸਿਖਿਆ ਬੋਰਡ ਪਹੁੰਚੇ ਹੋਏ ਸਨ | ਜਿਨ੍ਹਾਂ ਦੀ ਮੁਸ਼ਕਲ ਨੂੰ ਵੇਖਦਿਆਂ ਹੋਇਆਂ ਅੱਜ ਦੁਪਹਿਰ 12 ਵਜੇ ਗੇਟ ਖੋਲ੍ਹ ਦਿਤੇ ਗਏ | ਪਰ ਇਸ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿਤੀ ਗਈ ਕਿ 3 ਮਈ 2022 ਨੂੰ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਹੋਣ ਵਾਲੀ ਮੀਟਿੰਗ ਵਿਚ ਵੀ ਇਹ ਮਸਲਾ ਉਚੇਚੇ ਤੌਰ 'ਤੇ ਚੁਕਿਆ ਜਾਵੇਗਾ ਅਤੇ ਇਸ ਤੋਂ ਅਗਲਾ ਸਖ਼ਤ ਐਕਸ਼ਨ ਲਿਆ ਜਾਵੇਗਾ ਤਾਂ ਜੋ ਸਿੱਖ ਇਤਿਹਾਸ ਨੂੰ ਬਚਾਇਆ ਜਾ ਸਕੇ |
ਅੱਜ ਲੰਗਰ ਦੀ ਸੇਵਾ ਕਿਸਾਨ ਸ਼ਹੀਦ ਸਮਾਰਕ ਪਿੰਡ ਝੱਜ (ਸ੍ਰੀ ਅਨੰਦਪੁਰ ਸਾਹਿਬ) ਵਲੋਂ ਕੀਤੀ ਗਈ | ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਅਤੇ ਹਰਿਆਣਾ ਤੂੰ ਵੀ ਪਹੁੰਚਣ ਵਾਲਿਆਂ ਵਿਚ ਕਰਮ ਸਿੰਘ ਚੁੰਨੀ ਡਾ ਕਰਮ ਸਿੰਘ, ਗੁਰਨਾਮ ਸਿੰਘ ਐਨਜੀਓ, ਬੀਬੀ ਗੁਰਜੀਤ ਕੌਰ, ਕੁਲਵਿੰਦਰ ਸਿੰਘ ਪੰਜੋਲਾ, ਵਕੀਲ ਸਿੰਘ ਬਰਾੜ, ਜਤਿੰਦਰ ਸਿੰਘ ਹੁਸ਼ਿਆਰਪੁਰ, ਜਤਿੰਦਰਪਾਲ ਸਿੰਘ ਪਟਿਆਲਾ ਆਦਿ ਮੌਜੂਦ ਸਨ |