
ਪ੍ਰਤਾਪ ਬਾਜਵਾ ਨੇ ਵੀ ਕੀਤਾ ਟਵੀਟ, ਕਿਹਾ - ਸ਼ਹਿਰਾਂ ਅਤੇ ਪਿੰਡਾਂ ਵਿਚ ਬਿਜਲੀ ਦੇ ਲੰਮੇ ਕੱਟਾਂ ਨਾਲ ਪੂਰਾ ਸੂਬਾ ਹਨੇਰੇ ਵਿਚ ਡੁੱਬ ਗਿਆ ਹੈ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਕ ਮੌਕਾ ‘ਆਪ’ ਨੂੰ ਨਾ ਦਿਨੇਂ ਲਾਈਟ ਨਾ ਰਾਤ ਨੂੰ। ਸਿੱਧੂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ’ਤੇ ਤੰਜ ਕਸਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਪੰਜਾਬ ਦੀ ਜਨਤਾ ਨੂੰ ਲੰਮੇ-ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਦਕਿ ਦੂਜੇ ਪਾਸੇ ਖੇਤੀ ਖੇਤਰ ਨੂੰ ਦਿੱਤੀ ਜਾਣ ਵਾਲੀ 8 ਘੰਟੇ ਬਿਜਲੀ ਵਿਚੋਂ ਵੀ 1 ਜਾਂ 2 ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ।
ਬਿਜਲੀ ਵਿਭਾਗ ਨੇ ਸਾਰੇ ਐਸਡੀਓਜ਼ ਅਤੇ ਜੇਈਜ਼ ਨੂੰ ਬੇਨਤੀ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ’ਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ’ਚ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਸਬੰਧੀ ਅਨਾਊਂਸਮੈਂਟ ਕਰਵਾ ਦੇਣ ਅਤੇ ਲੋਕਾਂ ਨੂੰ ਸੁਚੇਤ ਕਰਨ ਕਿ ਇਨ੍ਹਾਂ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਕਾਰਨ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ, ਜਿਸ ਕਰਕੇ ਮਜਬੂਰੀ ਵਸ ਬਿਜਲੀ ਵਿਭਾਗ ਨੂੰ ਇਹ ਕੱਟ ਲਗਾਉਣੇ ਪੈ ਰਹੇ ਹਨ।
ਇਸ ਦੇ ਨਾਲ ਹੀ ਬਿਜਲੀ ਦੇ ਲੰਮੇ ਕੱਟਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਵੀ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ''AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਨੂੰ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਚੋਣਾਂ ਤੋਂ ਬਾਅਦ ਸ਼ਹਿਰਾਂ ਅਤੇ ਪਿੰਡਾਂ ਵਿਚ ਬਿਜਲੀ ਦੇ ਲੰਮੇ ਕੱਟਾਂ ਨਾਲ ਪੂਰਾ ਸੂਬਾ ਹਨੇਰੇ ਵਿਚ ਡੁੱਬ ਗਿਆ ਹੈ।''