
ਪੁਰਾਣੀ ਰੰਜਿਸ਼ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਮੁਲਜ਼ਮਾਂ ਦੀ ਭਾਲ
ਮੱਲਾਂਵਾਲਾ : ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਨਵਾਂ ਗੁਰਦਿਤੀ ਵਾਲਾ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਉਕਤ ਨੌਜਵਾਨ ਦੀ ਪਿੰਡ ਦੇ ਕੁਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਦਸੀ ਜਾ ਰਹੀ ਹੈ।
ਜਿਸ ਦੇ ਚਲਦਿਆਂ ਪਿੰਡ ਦੇ ਅਤੇ ਹੋਰਨਾਂ ਪਿੰਡਾਂ ਦੇ ਹਮਲਾਵਰਾਂ ਜਿਨ੍ਹਾਂ ਵਲੋਂ 7/8 ਅਣਪਛਾਤੇ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਦੇ ਪਹਿਲਾਂ ਪੁਰਾਣੇ ਘਰ ਗੁਰਦਿਤੀ ਵਾਲਾ ਵਿਚ ਆ ਕੇ ਘਰ ਦੀ ਭੰਨ ਤੋੜ ਕੀਤੀ ਅਤੇ ਬਾਅਦ ਨਵੇਂ ਘਰ ਨਵਾਂ ਗੁਰਦਿਤੀ ਵਾਲਾ 'ਚ ਜਿਥੇ ਗੁਰਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਉਮਰ ਕਰੀਬ 27 ਸਾਲ ਕਮਰੇ ਅੰਦਰ ਬੈਠਾ ਰੋਟੀ ਖਾ ਰਿਹਾ ਸੀ, 'ਤੇ ਹਮਲਾਵਰਾਂ ਵਲੋਂ ਕਮਰੇ ਦੇ ਦਰਵਾਜ਼ੇ ਦੀ ਭੰਨ ਤੋੜ ਕੀਤੀ ਤੇ ਗੁਰਵਿੰਦਰ ਸਿੰਘ ਤੇ ਕਿਰਪਾਨਾਂ ਦਾਤਰਾਂ ਆਦਿ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ।
ਇਹ ਵੀ ਪੜ੍ਹੋ : ਨਫ਼ਰਤੀ ਭਾਸ਼ਣ ਦਾ ਮਾਮਲਾ : ਜੇਕਰ ਸ਼ਿਕਾਇਤ ਨਹੀਂ ਵੀ ਹੁੰਦੀ ਤਾਂ ਵੀ ਦਰਜ ਕੀਤਾ ਜਾਵੇ ਮਾਮਲਾ : SC
ਇਸ ਮਾਮਲੇ ਬਾਰੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਨਵਾਂ ਗੁਰਦਿਤੀ ਵਾਲਾ ਵਿਖੇ ਲੜਾਈ ਹੋਈ ਸੀ ਜਿਸ ਵਿਚ ਪਿਓ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਦੋਹਾਂ ਨੂੰ ਇਲਾਜ ਲਈ ਫਰੀਦਕੋਟ ਵਿਖੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਥੇ ਨੌਜਵਾਨ ਗੁਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੱਜਣ ਸਿੰਘ ਦੇ ਬਿਆਨਾਂ 'ਤੇ ਚਾਰ ਵਿਅਕਤੀਆਂ ਸਮੇਤ ਸਤ-ਅੱਠ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।